November 8, 2024
Admin / Punjab
ਬਲਵੀਰ ਪਾਲ, ਜਲੰਧਰ : ਅੱਜ ਨਿਰਮਾਣ ਸਰਬਾਂਗੀ ਸਿੱਖਿਆ ਸਕੂਲ ਦੇ ਕੈਂਪਸ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਨਿਰਮਾਣ ਸਕੂਲ ਵਿਚ ਲਗਾਇਆ ਗਿਆ ਇਹ ਸਾਲ ਦਾ ਦੂਜਾ ਖੂਨਦਾਨ ਕੈਂਪ ਸੀ। ਇਸ ਮੌਕੇ ਸਿੰਘਾਪੁਰ ਦੇ ਸੀਐੱਨਏ ਚੈਨਲ ਦੀ ਟੀਮ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਟੀਮ ਨੇ ਸਕੂਲ ਦੀ ਪਹਿਲ ਤੇ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ ਤੇ ਖੂਨਦਾਨ ਕੈਂਪ ਦੀ ਸ਼ੂਟਿੰਗ ਕੀਤੀ। ਇਸ ਕੈਂਪ ਵਿਚ ਨਿਰਮਾਣ ਸਕੂਲ ਦੇ ਬੱਚਿਆਂ ਦੇ ਮਾਪਿਆਂ ਦੁਆਰਾ ਉਤਸ਼ਾਹ ਨਾਲ ਖੂਨਦਾਨ ਕੀਤਾ ਗਿਆ । ਸ਼੍ਰੀਮਤੀ ਹਰਵਿੰਦਰ ਕੌਰ ਪ੍ਰੈਜ਼ੀਡੈਂਟ ਪਹਿਲ ਨੇ ਦੱਸਿਆ ਕਿ ਪਹਿਲ ਵੱਲੋਂ ਪੁਰਜੋਰ ਕੋਸ਼ਿਸ ਹੈ ਕਿ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਏ ਜਾਣ, ਜੋ ਕਿ ਸੰਕਟ ਸਮੇਂ ਖੂਨ ਪ੍ਰਾਪਤ ਕਰਨ ਦੀ ਔਖ ਨਾ ਹੋਵੇ। ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਦਾਨ ਹੈ ਅਤੇ ਖੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾਂ ਸਕਦਾ ਹੈ। ਖ਼ੂਨ ਦੀ ਇਕ ਇਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਆਕਤੀ ਨੂੰ ਜੀਵਨਦਾਨ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ।
ਇਸ ਮੌਕੇ ਸੀਐੱਨਏ ਚੈਨਲ ਦੀ ਟੀਮ ਵੱਲੋਂ ਗੁਰਮੀਤ ਸਿੰਘ ਵਿਰਕ, ਨਵਿੱਤਰਾ ਦੇਵੀ ਨੇ ਸ਼ਮੂਲੀਅਤ ਕੀਤੀ। ਇਸ ਕੈਂਪ ਵਿਚ ਅਮਿਤ ਕੁਮਾਰ ਕਾਰਜਕਾਰੀ ਪਹਿਲ, ਬਿਪਨ ਸੁਮਨ ਪ੍ਰਾਜੈਕਟ ਮੈਨੇਜਰ ਵਾਤਾਵਰਣ ਪਹਿਲ, ਸੁਖਦੇਵ ਰਾਜ ਗਿੱਲ, ਲਵਲੀ ਅਤੇ ਮਨਦੀਪ ਸਿੰਘ ਪਹਿਲ ਨਕੋਦਰ ਸਟਾਫ, ਸੰਜੀਤ ਕੁਮਾਰ, ਜਗਦੀਸ਼ ਲਾਲ ਜਲੰਧਰ ਪਹਿਲ ਅਪੋਲੋ ਸਟਾਫ ਅਤੇ ਵਿਕਾਸ ਕੁਮਾਰ, ਗੁਰਪ੍ਰੀਤ ਸਿੰਘ ਗੋਪੀ ਨੇ ਖੂਨਦਾਨ ਕੀਤਾ।
ਕੈਂਪ ਦੌਰਾਨ 40 ਯੂਨਿਟ ਖੂਨ ਇਕੱਤਰ ਹੋਇਆ
ਇਸ ਕੈਂਪ ਵਿਚ ਪਰਮਜੀਤ ਰਾਣੀਪੁਰੀਆ, ਗੌਤਮ ਗੁਲਾਟੀ, ਕੰਵਲਜੀਤ ਭਾਟੀਆ ਕਾਰਜਕਾਰੀ ਜਲੰਧਰ ਫੋਟੋਗ੍ਰਾਫਰ ਐਸੋਸੀਏਸ਼ਨ ਵੀ ਹਾਜ਼ਰ ਹੋਏ ਤੇ ਖੂਨ ਦਾਨ ਕੀਤਾ। ਰਿਫਰੈਸ਼ਮੈਂਟ ਦਾ ਪ੍ਰਬੰਧ ਐੱਚਡੀਐੱਫਸੀ ਬੈਂਕ ਦੀ ਸਰਪ੍ਰਸਤੀ ਹੇਠ ਬੈਂਕ ਮੈਨੇਜਰ ਜਸਪ੍ਰੀਤ ਸਿੰਘ ਅਤੇ ਹਿਤੇਸ਼ ਸਹਿਗਲ ਦੁਆਰਾ ਕੀਤਾ ਗਿਆ। ਇਸ ਮੌਕੇ 40 ਯੂਨਿਟ ਖੂਨ ਇਕੱਤਰ ਹੋਇਆ। ਦਾਨ ਕੀਤਾ ਹੋਇਆ ਖੂਨ ਡਾ. ਗੁਰਪਿੰਦਰ ਕੌਰ ਬੀਟੀਓ ਦੀ ਅਗਵਾਈ ਹੇਠ ਬਲੱਡ ਬੈਂਕ ਟੀਮ ਸਿਵਲ ਹਸਪਤਾਲ ਦੁਆਰਾ ਇਕੱਤਰ ਕੀਤਾ ਗਿਆ।
A Blood Donation Camp Was Organized In Nirman Sarbangi Shiksha School Campus