November 15, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਅਬੋਹਰ ਦਾ 6 ਸਾਲਾ ਬੱਚਾ ਮੁਹੱਬਤ ਅਬੋਹਰ ਤੋਂ ਅਯੁੱਧਿਆ ਤੱਕ ਕਰੀਬ 1100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਸ਼ਿਆਂ ਖਿਲਾਫ ਅਤੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦੇਵੇਗਾ। ਰੋਟਰੀ ਕਲੱਬ ਸੈਂਟਰਲ ਅਬੋਹਰ ਦੇ ਆਸ਼ੀਰਵਾਦ ਨਾਲ ਵੀਰਵਾਰ ਨੂੰ ਸ਼੍ਰੀ ਬਾਲਾ ਜੀ ਧਾਮ ਮੰਦਿਰ ਤੋਂ ਮੁਹੱਬਤ ਨੂੰ ਰਵਾਨਾ ਕੀਤਾ ਗਿਆ। ਇਹ ਬੱਚਾ ਲਗਭਗ ਦੋ ਮਹੀਨਿਆਂ ਵਿੱਚ ਆਪਣੀ ਦੌੜ ਪੂਰੀ ਕਰਕੇ ਜਨਵਰੀ ਵਿਚ ਅਯੁੱਧਿਆ ਪਹੁੰਚ ਜਾਵੇਗਾ।
ਇਸ ਮੌਕੇ ਰੋਟਰੀ ਕਲੱਬ ਦੇ ਅਧਿਕਾਰੀ ਰਾਜੀਵ ਗੋਦਾਰਾ ਨੇ ਦੱਸਿਆ ਕਿ ਬੱਚਿਆਂ ਦੀ ਦਿੱਲੀ ਤੱਕ ਦੀ ਦੌੜ ਦਾ ਰੋਡ ਪਲਾਨ ਤਿਆਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰਸਤੇ ਵਿਚ ਹਰ ਸ਼ਹਿਰ ਵਿੱਚ ਰੋਟਰੀ ਕਲੱਬ ਦੇ ਮੈਂਬਰਾਂ ਵੱਲੋਂ ਬੱਚੇ ਦਾ ਸਵਾਗਤ ਕੀਤਾ ਜਾਵੇਗਾ। ਸ਼੍ਰੀ ਬਾਲਾ ਜੀ ਧਾਮ ਦੇ ਪੁਜਾਰੀ ਨੇ ਕਿਹਾ ਕਿ ਇਹ ਛੋਟਾ ਬੱਚਾ ਵੱਡੀ ਧਾਰਮਿਕ ਯਾਤਰਾ 'ਤੇ ਜਾ ਰਿਹਾ ਹੈ ਜੋ ਸ਼ਲਾਘਾਯੋਗ ਹੈ ਅਤੇ ਉਨ੍ਹਾਂ ਦੀ ਕਾਮਨਾ ਹੈ ਕਿ ਹਨੂੰਮਾਨ ਜੀ ਨਾਲ ਰਹਿੰਦੇ ਹੋਏ ਇਸ ਬੱਚੇ ਦੀ ਰੱਖਿਆ ਕਰਨਗੇ।
ਕੁਲਦੀਪ ਸੋਨੀ ਨੇ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਇਹ ਬੱਚਾ ਧਰਮ ਦੇ ਮਾਰਗ 'ਤੇ ਚੱਲ ਰਿਹਾ ਹੈ, ਜਿਸ 'ਤੇ ਉਨ੍ਹਾਂ ਨੂੰ ਮਾਣ ਹੈ ਅਤੇ ਪੂਰੇ ਅਬੋਹਰ ਸ਼ਹਿਰ ਲਈ ਇਹ ਖੁਸ਼ੀ ਦੀ ਗੱਲ ਹੈ। ਇਹ ਬੱਚਾ ਕਰੀਬ 1100 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ ਅਤੇ ਭਗਵਾਨ ਸ਼੍ਰੀ ਰਾਮਲਲਾ ਦੇ ਦਰਸ਼ਨ ਕਰੇਗਾ।
ਇਸ ਮੌਕੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਮੁਹੱਬਤ ਕੁਝ ਸਮਾਂ ਪਹਿਲਾਂ ਪੰਜਾਬ ਦੇ ਸਮਾਜ ਸੇਵੀ ਅਨਮੋਲ ਕਵਾਤੜਾ ਨੂੰ ਮਿਲਣ ਲਈ ਅਬੋਹਰ ਤੋਂ ਲੁਧਿਆਣਾ ਗਿਆ ਸੀ। ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ, ਬਜਰੰਗ ਦਲ ਦੇ ਕੁਲਦੀਪ ਸੋਨੀ, ਬੀ.ਐਸ.ਐਫ ਦੇ ਕਮਾਂਡੈਂਟ ਕੇ.ਐਨ. ਤ੍ਰਿਪਾਠੀ, ਡਿਪਟੀ ਕਮਾਂਡੈਂਟ ਗੁਰਦੀਪ ਸਿੰਘ ਅਤੇ ਵਿਪਲਵ ਹਲਦਰ, ਕੇਂਦਰੀ ਵਿਦਿਆਲਿਆ ਦੇ ਪ੍ਰਿੰਸੀਪਲ ਪਰਮਜੀਤ ਨੈਨ, ਓਮ ਪ੍ਰਕਾਸ਼ ਭੁੱਕਰਕਾ, ਬ੍ਰਹਮ ਪ੍ਰਕਾਸ਼ ਸ਼ਰਮਾ ਅਤੇ ਮਮਤਾ ਜਸੂਜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ਜਿਨ੍ਹਾਂ ਨੇ ਮੁਹੱਬਤ ਨੂੰ ਬਾਲਾਜੀ ਦਾ ਝੰਡਾ ਦੇ ਕੇ ਰਵਾਨਾ ਕੀਤਾ।
Message Of love Against Drugs 1100 Km Race From Abohar To Ayodhya Will Be Completed In Two Months