November 29, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਘੱਟ ਹੋਣ ਦੇ ਨਾਮ ਨਹੀਂ ਲੈ ਰਹੀਆਂ ਹਨ। ਹੁਣ ਸਾਬਕਾ ਵਿਧਾਇਕ ਡਾਕਟਰ ਨਵਜੋਤ ਕੌਰ ਸਿੱਧੂ ਨਾਲ 2 ਕਰੋੜ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਉਸ ਨੇ ਆਪਣੇ ਇੱਕ ਨਿੱਜੀ ਸਹਾਇਕ ਤੇ ਹੋਰਾਂ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਆਰਥਿਕ ਅਪਰਾਧ ਸ਼ਾਖਾ ਨੂੰ ਭੇਜ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਕੌਰ ਸਿੱਧੂ ਨੇ ਅਮਰੀਕਾ ਵਿੱਚ ਰਹਿੰਦੇ ਨਿੱਜੀ ਸਹਾਇਕ ਅਤੇ ਐਨਆਰਆਈ ਖ਼ਿਲਾਫ਼ 2 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਗੰਭੀਰ ਦੋਸ਼ ਲਾਏ ਹਨ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਪੌਸ਼ ਰਣਜੀਤ ਐਵੀਨਿਊ ਇਲਾਕੇ ਵਿੱਚ ਐਸਸੀਓ ਦੀ ਰਜਿਸਟ੍ਰੇਸ਼ਨ ਦੇ ਨਾਂ ’ਤੇ ਉਨ੍ਹਾਂ ਕੋਲੋਂ 2 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ।
ਇਸ ਮਾਮਲੇ ਵਿੱਚ ਉਨ੍ਹਾਂ ਦੇ ਨਿੱਜੀ ਸਹਾਇਕ ਅਤੇ ਸਾਥੀ ਨੇ ਦੱਸਿਆ ਸੀ ਕਿ ਰਣਜੀਤ ਐਵੀਨਿਊ ਸਥਿਤ ਸ਼ੋਅਰੂਮ ਨੂੰ ਅਮਰੀਕਾ ਵਿੱਚ ਰਹਿੰਦੇ ਐਨਆਰਆਈ ਅੰਗਦ ਪਾਲ ਸਿੰਘ ਵੱਲੋਂ ਆਪਣੇ ਰਿਸ਼ਤੇਦਾਰਾਂ (ਚਾਚਾ ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ) ਰਾਹੀਂ ਵੇਚਿਆ ਜਾ ਰਿਹਾ ਹੈ, ਜਿਸ ਦੀ ਕੀਮਤ ਵੀ ਵਾਜਬ ਹੈ। ਇੰਨਾ ਹੀ ਨਹੀਂ ਉਸ ਦਾ ਸਾਬਕਾ ਨਿੱਜੀ ਸਹਾਇਕ ਗੌਰਵ ਅਤੇ ਉਸ ਦਾ ਸਾਥੀ ਜਗਜੀਤ ਸਿੰਘ ਵੀ ਇਸ ਧੋਖਾਧੜੀ ਵਿਚ ਸ਼ਾਮਲ ਹਨ। ਉਨ੍ਹਾਂ ਇਹ ਜਾਇਦਾਦ ਖਰੀਦਣ ਲਈ ਕੁਝ ਅਗਾਊਂ ਰਕਮ ਦੇਣ ਲਈ ਵੀ ਕਿਹਾ। ਇਸ ਸਬੰਧੀ ਜਾਂਚ ਤੋਂ ਬਾਅਦ ਉਸ ਨੇ ਬੈਂਕ ਰਾਹੀਂ ਮਾਲਕ ਦੇ ਖਾਤੇ ਵਿੱਚ 1.2 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ। ਬਾਕੀ ਰਕਮ ਦਾ ਭੁਗਤਾਨ ਨਿੱਜੀ ਸਹਾਇਕ ਨੂੰ ਚੈੱਕ ਰਾਹੀਂ ਕੀਤਾ ਗਿਆ। ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਸ ਵੱਲੋਂ ਦਿੱਤੇ ਪੈਸੇ ਉਸ ਦੇ ਨਿੱਜੀ ਸਹਾਇਕ ਅਤੇ ਉਸ ਦੇ ਸਾਥੀਆਂ ਅਤੇ ਹੋਰ ਲੋਕਾਂ ਨੇ ਆਪਣੇ ਸਵਾਰਥ ਲਈ ਵਰਤੇ ਸਨ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨਵਜੋਤ ਸਿੰਘ ਸਿੱਧੂ ਨੂੰ ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਕਾਨੂੰਨੀ ਨੋਟਿਸ ਕੀਤਾ ਸੀ ਜਾਰੀ
ਦੱਸ ਦੇਈਏ ਕਿ ਹਾਲ ਹੀ ਵਿੱਚ ਆਪਣੀ ਪਤਨੀ ਦੇ ਕੈਂਸਰ ਦਾ ਇਲਾਜ ਨਿੰਮ-ਹਲਦੀ ਨਾਲ ਕਰਨ ਦੇ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਆਏ ਨਵਜੋਤ ਸਿੰਘ ਸਿੱਧੂ ਨੂੰ ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਨੋਟਿਸ 'ਚ ਸਿੱਧੂ ਨੂੰ ਪਤਨੀ ਨਵਜੋਤ ਕੌਰ ਦੇ ਕੈਂਸਰ ਦੇ ਇਲਾਜ ਦੇ ਦਸਤਾਵੇਜ਼ 7 ਦਿਨਾਂ 'ਚ ਪੇਸ਼ ਕਰਨ ਲਈ ਕਿਹਾ ਗਿਆ ਹੈ। ਅਜਿਹਾ ਨਾ ਹੋਣ 'ਤੇ 850 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ।
Navjot Kaur Sidhu Was Cheated Of Rs 2 Crore Close Friends Conspired To Manipulate Her