February 9, 2026
Punjabਪੰਜਾਬ ਪੁਲਿਸ ਦਾ 'ਆਪ੍ਰੇਸ਼ਨ ਪ੍ਰਹਾਰ 2.0' ਸ਼ੁਰੂ: 72 ਘੰਟੇ ਚੱਲੇਗੀ ਅਪਰਾਧੀਆਂ ਵਿਰੁੱਧ ਵੱਡੀ ਮੁਹਿੰਮ
Live Punjabi TV Bureau
ਚੰਡੀਗੜ੍ਹ, 9 ਫਰਵਰੀ 2026 : ਪੰਜਾਬ ਵਿੱਚ ਗੈਂਗਸਟਰਾਂ ਅਤੇ ਮਾੜੇ ਅਨਸਰਾਂ 'ਤੇ ਨੱਥ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਅੱਜ ਸੋਮਵਾਰ ਸਵੇਰੇ 8 ਵਜੇ ਤੋਂ 'ਆਪ੍ਰੇਸ਼ਨ ਪ੍ਰਹਾਰ 2.0' ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੁਹਿੰਮ ਅਗਲੇ 72 ਘੰਟਿਆਂ ਤੱਕ ਲਗਾਤਾਰ ਜਾਰੀ ਰਹੇਗੀ, ਜਿਸ ਦੌਰਾਨ ਪੂਰੇ ਸੂਬੇ ਵਿੱਚ ਭਗੌੜੇ ਅਤੇ ਲੋੜੀਂਦੇ ਅਪਰਾਧੀਆਂ ਦੀ ਫੜੋ-ਫੜੀ ਕੀਤੀ ਜਾਵੇਗੀ।
2 ਹਜ਼ਾਰ ਟੀਮਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ
ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ 12,000 ਪੁਲਿਸ ਮੁਲਾਜ਼ਮਾਂ ਦੀਆਂ 2,000 ਟੀਮਾਂ ਮੈਦਾਨ ਵਿੱਚ ਉਤਾਰੀਆਂ ਗਈਆਂ ਹਨ। ਸੁਰੱਖਿਆ ਪ੍ਰਬੰਧਾਂ ਨੂੰ ਪੁਖ਼ਤਾ ਕਰਨ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਜ਼ਿਲ੍ਹੇ ਅਲਾਟ ਕੀਤੇ ਗਏ ਹਨ, ਜੋ ਖੁਦ ਫੀਲਡ ਵਿੱਚ ਰਹਿ ਕੇ ਇਸ ਆਪ੍ਰੇਸ਼ਨ ਦੀ ਕਮਾਨ ਸੰਭਾਲ ਰਹੇ ਹਨ। ਪੁਲਿਸ ਮੁਖੀ ਨੇ ਕਿਹਾ ਹੈ ਕਿ ਜੋ ਨੌਜਵਾਨ ਗਲਤ ਰਸਤੇ 'ਤੇ ਹਨ, ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਦਾ ਮੌਕਾ ਦਿੱਤਾ ਜਾਵੇਗਾ, ਪਰ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਰਣਨੀਤੀ ਤਹਿਤ ਤਿਆਰ ਕੀਤੀ ਗਈ ਸੂਚੀ
ਪੁਲਿਸ ਵੱਲੋਂ ਇਸ ਵਾਰ ਅਪਰਾਧੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਦਦਗਾਰਾਂ ਅਤੇ ਕਰੀਬੀਆਂ ਦੀਆਂ ਸੂਚੀਆਂ ਵੀ ਤਿਆਰ ਕੀਤੀਆਂ ਗਈਆਂ ਹਨ। ਸੂਬੇ ਦੇ 'ਹੌਟ ਸਪਾਟ' ਇਲਾਕਿਆਂ ਦੀ ਨਿਸ਼ਾਨਦੇਹੀ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਅਪਰਾਧ ਨੂੰ ਉਤਸ਼ਾਹਿਤ ਕਰਨ ਵਾਲਿਆਂ 'ਤੇ ਵੀ ਤਿੱਖੀ ਨਜ਼ਰ ਰੱਖੀ ਜਾਵੇਗੀ ਤਾਂ ਜੋ ਕੋਈ ਵੀ ਗੁੰਮਰਾਹਕੁੰਨ ਜਾਣਕਾਰੀ ਫੈਲਾ ਕੇ ਆਪ੍ਰੇਸ਼ਨ ਨੂੰ ਪ੍ਰਭਾਵਿਤ ਨਾ ਕਰ ਸਕੇ।
ਕਾਨੂੰਨ ਵਿਵਸਥਾ ਨੂੰ ਲੈ ਕੇ ਅਹਿਮ ਕਦਮ
ਹਾਈਕੋਰਟ ਵੱਲੋਂ ਕਾਨੂੰਨ ਵਿਵਸਥਾ 'ਤੇ ਸਖ਼ਤ ਟਿੱਪਣੀਆਂ ਅਤੇ ਵਿਰੋਧੀ ਧਿਰਾਂ ਦੇ ਲਗਾਤਾਰ ਹਮਲਿਆਂ ਦਰਮਿਆਨ ਇਹ ਆਪ੍ਰੇਸ਼ਨ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 'ਆਪ੍ਰੇਸ਼ਨ ਪ੍ਰਹਾਰ-1' ਦੌਰਾਨ 5,000 ਤੋਂ ਵੱਧ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਦੂਜੇ ਪੜਾਅ ਵਿੱਚ ਪੁਲਿਸ ਦਾ ਮੁੱਖ ਟੀਚਾ ਫਰਾਰ ਚੱਲ ਰਹੇ ਵੱਡੇ ਅਪਰਾਧੀਆਂ ਨੂੰ ਜੇਲ੍ਹਾਂ ਪਿੱਛੇ ਪਹੁੰਚਾਉਣਾ ਹੈ।
Punjab Police s Operation Prahar 2 0 Begins Major Campaign Against Criminals To Continue For 72 Hours