September 11, 2025
Punjab
ਨਾਭਾ, 11 ਸਤੰਬਰ 2025 : ਨਾਭਾ ਨੇੜੇ ਪਿੰਡ ਫਰੀਦਪੁਰ ਵਿਖੇ ਵੀਰਵਾਰ ਸਵੇਰੇ ਇੱਕ ਪੀ.ਆਰ.ਟੀ.ਸੀ (PRTC) ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, 140 ਤੋਂ ਵੱਧ ਸਵਾਰੀਆਂ ਨਾਲ ਭਰੀ ਇਹ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਕ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਕਈ ਸਕੂਲੀ ਵਿਦਿਆਰਥੀਆਂ ਸਮੇਤ ਦਰਜਨਾਂ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਕਿਵੇਂ ਵਾਪਰਿਆ ਹਾਦਸਾ?
ਸੂਤਰਾਂ ਮੁਤਾਬਕ, ਬੱਸ ਵਿੱਚ ਸਮਰੱਥਾ ਤੋਂ ਕਿਤੇ ਵੱਧ ਸਵਾਰੀਆਂ ਹੋਣ ਕਾਰਨ ਇਹ ਪੂਰੀ ਤਰ੍ਹਾਂ ਓਵਰਲੋਡ ਸੀ ਅਤੇ ਕੁਝ ਯਾਤਰੀ ਬੱਸ ਦੀ ਛੱਤ 'ਤੇ ਸਫ਼ਰ ਕਰ ਰਹੇ ਸਨ। ਇਸੇ ਦੌਰਾਨ, ਭਾਰ ਨਾ ਸਹਾਰਦਿਆਂ ਬੱਸ ਦੀ ਕਮਾਨੀ (ਸਸਪੈਂਸ਼ਨ ਸਪਰਿੰਗ) ਅਚਾਨਕ ਟੁੱਟ ਗਈ, ਜਿਸ ਕਾਰਨ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ। ਬੇਕਾਬੂ ਹੋਈ ਬੱਸ ਸੜਕ ਕਿਨਾਰੇ ਲੱਗੇ ਇੱਕ ਦਰੱਖਤ ਨਾਲ ਇੰਨੀ ਜ਼ੋਰਦਾਰ ਟਕਰਾਈ ਕਿ ਦਰੱਖਤ ਵੀ ਟੁੱਟ ਕੇ ਡਿੱਗ ਪਿਆ।
ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ
ਹਾਦਸੇ ਦੇ ਸਮੇਂ ਬੱਸ ਵਿੱਚ ਵੱਡੀ ਗਿਣਤੀ 'ਚ ਸਕੂਲ ਜਾ ਰਹੇ ਵਿਦਿਆਰਥੀ ਸਵਾਰ ਸਨ। ਟੱਕਰ ਤੋਂ ਤੁਰੰਤ ਬਾਅਦ ਮੌਕੇ 'ਤੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਆਰੰਭ ਕਰਦਿਆਂ ਜ਼ਖਮੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਭਾਦਸੋਂ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਇਹ ਘਟਨਾ ਬੱਸਾਂ ਵਿੱਚ ਓਵਰਲੋਡਿੰਗ ਦੀ ਗੰਭੀਰ ਸਮੱਸਿਆ 'ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰਦੀ ਹੈ, ਜੋ ਆਏ ਦਿਨ ਅਜਿਹੇ ਜਾਨਲੇਵਾ ਹਾਦਸਿਆਂ ਦਾ ਕਾਰਨ ਬਣਦੀ ਹੈ।
Major accident in punjab prtc bus full of passengers falls victim to horrific accident