August 21, 2024
Admin / TRADE
ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਫਿਕਸਡ ਡਿਪਾਜ਼ਿਟ ਯਾਨੀ FD ਵਿਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਦਰਅਸਲ, ਜਨਤਕ ਖੇਤਰ ਦੇ ਬੈਂਕ IDBI ਬੈਂਕ ਨੇ ਮੰਗਲਵਾਰ ਨੂੰ 444 ਦਿਨ ਦੀ FD 'ਤੇ ਵਿਆਜ ਦਰ ਵਧਾ ਕੇ 7.85 ਫੀਸਦੀ ਕਰ ਦਿੱਤੀ ਹੈ। ਇਹ ਐਕਸਟੈਂਸ਼ਨ ਸੀਮਤ ਸਮੇਂ ਲਈ ਹੈ ਅਤੇ 30 ਸਤੰਬਰ, 2024 ਤੱਕ ਵੈਧ ਹੈ। IDBI ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਹੁਣ 444 ਦਿਨ ਅਤੇ 375 ਦਿਨਾਂ ਦੀ ਮਿਆਦ ਵਾਲੇ ਫਿਕਸਡ ਡਿਪਾਜ਼ਿਟ 'ਤੇ ਕ੍ਰਮਵਾਰ 7.85 ਫੀਸਦੀ ਅਤੇ 7.75 ਫੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ, IDBI ਬੈਂਕ ਉਤਸਵ FD ਸਕੀਮ ਦੇ ਤਹਿਤ ਹੋਰ ਵਿਸ਼ੇਸ਼ ਕਾਰਜਕਾਲਾਂ 'ਤੇ ਪ੍ਰਤੀਯੋਗੀ ਦਰਾਂ ਦੀ ਪੇਸ਼ਕਸ਼ ਕਰਨਾ ਜਾਰੀ ਰੱਖੇਗਾ। ਇਸ ਤਹਿਤ 700 ਦਿਨਾਂ ਦੀ ਮਿਆਦ ਲਈ ਵੱਧ ਤੋਂ ਵੱਧ 7.70 ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਂਦਾ ਹੈ, ਜਦੋਂ ਕਿ 300 ਦਿਨਾਂ ਦੀ ਮਿਆਦ ਲਈ ਇਹ 7.55 ਫੀਸਦੀ ਹੈ।
ਦੱਸਣਯੋਗ ਹੈ ਕਿ ਬੈਂਕਾਂ 'ਚ ਜਮ੍ਹਾ ਰਾਸ਼ੀ ਦੀ ਹੌਲੀ ਵਿਕਾਸ ਦਰ ਕਾਰਨ ਬੈਂਕਾਂ ਦੇ ਨਾਲ-ਨਾਲ ਸਰਕਾਰ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਲੱਗ ਗਈਆਂ ਹਨ। ਇਸ ਦੌਰਾਨ, ਕਈ ਬੈਂਕਾਂ ਨੇ ਗਾਹਕਾਂ ਨੂੰ ਆਪਣੇ ਕੋਲ ਵਧੇਰੇ ਪੈਸੇ ਜਮ੍ਹਾ ਕਰਨ ਲਈ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਐਫਡੀ ਸਕੀਮਾਂ ਸ਼ੁਰੂ ਕੀਤੀਆਂ ਹਨ। ਉਦਾਹਰਣ ਵਜੋਂ, SBI ਨੇ 'ਅੰਮ੍ਰਿਤ ਵਰਸ਼ਾ' ਸਕੀਮ ਸ਼ੁਰੂ ਕੀਤੀ ਹੈ, ਜਿਸ ਵਿੱਚ ਬੈਂਕ 444 ਦਿਨਾਂ ਲਈ 7.25 ਪ੍ਰਤੀਸ਼ਤ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਇਸੇ ਤਰ੍ਹਾਂ ਬੈਂਕ ਆਫ ਬੜੌਦਾ ਨੇ 399 ਦਿਨਾਂ ਲਈ 7.25 ਫੀਸਦੀ ਅਤੇ 333 ਦਿਨਾਂ ਲਈ 7.15 ਫੀਸਦੀ ਵਿਆਜ ਦਰਾਂ ਦੀ ਪੇਸ਼ਕਸ਼ ਕਰਦੇ ਹੋਏ 'ਮੌਨਸੂਨ ਧਮਾਕਾ' ਜਮ੍ਹਾ ਯੋਜਨਾ ਸ਼ੁਰੂ ਕੀਤੀ ਹੈ।
Now You Will Get 7 85 Interest On 444 Days FD