September 18, 2024
Admin / Trade
ਲਾਈਵ ਪੰਜਾਬੀ ਟੀਵੀ ਬਿਊਰੋ : ਕਸਟਮ ਡਿਊਟੀ ਵਿਚ ਭਾਰੀ ਕਟੌਤੀ ਅਤੇ ਤਿਉਹਾਰਾਂ ਦੀ ਮੰਗ ਦੇ ਕਾਰਨ ਅਗਸਤ ਵਿਚ ਸੋਨੇ ਦੀ ਦਰਾਮਦ ਦੁੱਗਣੀ ਤੋਂ ਵੱਧ ਹੋ ਕੇ 10.06 ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ। ਵਣਜ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ ਸੋਨੇ ਦੀ ਦਰਾਮਦ 4.93 ਅਰਬ ਡਾਲਰ ਰਹੀ ਸੀ।
ਬਜਟ ਵਿਚ ਸਰਕਾਰ ਨੇ ਕਸਟਮ ਡਿਊਟੀ ਘਟਾਉਣ ਦਾ ਕੀਤਾ ਸੀ ਐਲਾਨ
ਵਣਜ ਸਕੱਤਰ ਸੁਨੀਲ ਬਰਥਵਾਲ ਨੇ ਸੋਨੇ ਦੀ ਦਰਾਮਦ ਦੇ ਇਸ ਰਿਕਾਰਡ ਪੱਧਰ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸੋਨੇ 'ਤੇ ਕਸਟਮ ਡਿਊਟੀ ਦੀਆਂ ਦਰਾਂ ਵਿਚ ਭਾਰੀ ਕਟੌਤੀ ਕੀਤੀ ਗਈ ਹੈ ਤਾਂ ਜੋ ਸੋਨੇ ਦੀ ਤਸਕਰੀ ਅਤੇ ਹੋਰ ਗਤੀਵਿਧੀਆਂ ਵਿਚ ਗਿਰਾਵਟ ਆ ਸਕੇ। ਬਰਥਵਾਲ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਉਹ ਸਮਾਂ ਹੈ ਜਦੋਂ ਜਿਊਲਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਿਕਰੀ ਲਈ ਆਪਣੇ ਸਾਮਾਨ ਨੂੰ ਸਟਾਕ ਕਰਨਾ ਸ਼ੁਰੂ ਕਰਦੇ ਹਨ। ਵਿੱਤੀ ਸਾਲ 2024-25 ਦੇ ਬਜਟ ਵਿਚ ਸਰਕਾਰ ਨੇ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰਨ ਦਾ ਐਲਾਨ ਕੀਤਾ ਸੀ।
ਭਾਰਤ ਦਾ ਸੋਨੇ ਦਾ ਦਰਾਮਦ ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ (ਅਪ੍ਰੈਲ-ਜੁਲਾਈ) ਵਿਚ 4.23 ਫੀਸਦੀ ਘੱਟ ਕੇ 12.64 ਅਰਬ ਡਾਲਰ ਰਹਿ ਗਿਆ। ਪਿਛਲੇ ਵਿੱਤੀ ਸਾਲ 2023-24 'ਚ ਦੇਸ਼ ਦਾ ਸੋਨੇ ਦਾ ਦਰਾਮਦ 30 ਫੀਸਦੀ ਵਧ ਕੇ 45.54 ਅਰਬ ਡਾਲਰ ਹੋ ਗਿਆ ਸੀ।
ਭਾਰਤ ਸਭ ਤੋਂ ਵੱਧ ਸੋਨਾ ਸਵਿਟਜ਼ਰਲੈਂਡ ਤੋਂ ਕਰਦਾ ਹੈ ਦਰਾਮਦ
ਭਾਰਤ ਸਭ ਤੋਂ ਵੱਧ ਸੋਨਾ ਸਵਿਟਜ਼ਰਲੈਂਡ ਤੋਂ ਦਰਾਮਦ ਕਰਦਾ ਹੈ, ਜਿਸਦਾ ਹਿੱਸਾ ਲਗਭਗ 40 ਫੀਸਦੀ ਹੈ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂਏਈ) 16 ਫੀਸਦੀ ਤੋਂ ਵੱਧ ਹਿੱਸੇਦਾਰੀ ਨਾਲ ਦੂਜੇ ਅਤੇ ਦੱਖਣੀ ਅਫਰੀਕਾ ਲਗਭਗ 10 ਫੀਸਦੀ ਹਿੱਸੇਦਾਰੀ ਨਾਲ ਤੀਜੇ ਸਥਾਨ 'ਤੇ ਹੈ। ਦੇਸ਼ ਦੀ ਕੁੱਲ ਦਰਾਮਦ ਵਿਚ ਇਸ ਕੀਮਤੀ ਧਾਤੂ ਦਾ ਹਿੱਸਾ 5 ਫੀਸਦੀ ਤੋਂ ਵੱਧ ਹੈ।
ਭਾਰਤ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ
ਸੋਨੇ ਦੀ ਦਰਾਮਦ ਵਿਚ ਉਛਾਲ ਨੇ ਅਗਸਤ ਵਿਚ ਦੇਸ਼ ਦਾ ਵਪਾਰ ਘਾਟਾ (ਦਰਾਮਦ ਅਤੇ ਬਰਾਮਦ ਵਿਚ ਫਰਕ) ਵਧਾ ਕੇ 29.65 ਅਰਬ ਡਾਲਰ ਤਕ ਪਹੁੰਚਾ ਦਿੱਤਾ ਹੈ। ਚੀਨ ਤੋਂ ਬਾਅਦ ਭਾਰਤ ਦੁਨੀਆ ਵਿਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ। ਇਹ ਦਰਾਮਦ ਮੁੱਖ ਤੌਰ 'ਤੇ ਗਹਿਣਾ ਉਦਯੋਗ ਦੀ ਮੰਗ ਨੂੰ ਪੂਰਾ ਕਰਦੀ ਹੈ।
Gold Import Doubled In August Bought More Than 10 Billion Dollars