November 21, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਰੇਲ ਯਾਤਰੀਆਂ ਲਈ ਅਣਰਿਜ਼ਰਵਡ ਟਿਕਟਾਂ ਦੀ ਸਹੂਲਤ ਲਈ ਪੰਜਾਬ ਦੇ ਰੇਲਵੇ ਸਟੇਸ਼ਨਾਂ 'ਤੇ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ (ਏ.ਟੀ.ਵੀ.ਐਮ.) ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਲੁਧਿਆਣਾ ਸਟੇਸ਼ਨ 'ਤੇ ਅਜਿਹੀਆਂ ਚਾਰ ਮਸ਼ੀਨਾਂ ਲਗਾਈਆਂ ਗਈਆਂ ਹਨ। ਇਹ ਫੈਸਲਾ ਯਾਤਰੀਆਂ ਦੀ ਵਧਦੀ ਭੀੜ ਦੇ ਮੱਦੇਨਜ਼ਰ ਲਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਯਾਤਰੀਆਂ ਨੂੰ ਟਿਕਟਾਂ ਲੈਣ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਜ਼ਿਆਦਾ ਭੀੜ ਨਾ ਹੋਵੇ।
ਜਲੰਧਰ ਸਮੇਤ ਇਨ੍ਹਾਂ ਸਟੇਸ਼ਨਾਂ 'ਤੇ ਲਗਾਈਆਂ ਜਾਣਗੀਆਂ ਮਸ਼ੀਨਾਂ
ਇਸ ਦੇ ਨਾਲ ਹੀ ਲੁਧਿਆਣਾ ਤੋਂ ਤੁਰੰਤ ਬਾਅਦ ਜਲੰਧਰ ਸ਼ਹਿਰ, ਜਲੰਧਰ ਕੈਂਟ, ਫ਼ਿਰੋਜ਼ਪੁਰ ਛਾਉਣੀ, ਢੰਡਾਰੀ ਕਲਾਂ, ਫਗਵਾੜਾ, ਬਿਆਸ, ਅੰਮਿ੍ਤਸਰ, ਪਠਾਨਕੋਟ, ਪਠਾਨਕੋਟ ਕੈਂਟ, ਜੰਮੂ ਤਵੀ, ਸ਼ਹੀਦ ਕੈਪਟਨ ਤੁਸ਼ਾਰ ਮਹਾਜਨ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਸਟੇਸ਼ਨਾਂ 'ਤੇ ਨਵੀਆਂ ਏ.ਟੀ.ਵੀ.ਐਮ ਮਸ਼ੀਨਾਂ ਲਗਾਈਆਂ ਜਾਣਗੀਆਂ।
ਟਿਕਟਾਂ ਖਰੀਦਣੀਆਂ ਹੋਣਗੀਆਂ ਆਸਾਨ
ATVM ਮਸ਼ੀਨ ਤੋਂ ਅਣਰਿਜ਼ਰਵਡ ਟਿਕਟਾਂ ਖਰੀਦਣੀਆਂ ਬਹੁਤ ਆਸਾਨ ਹਨ। ਰੇਲਵੇ ਮੁਸਾਫਰਾਂ ਨੂੰ ਰੇਲਵੇ ਕਾਊਂਟਰ ਤੋਂ ਅਣਰਿਜ਼ਰਵਡ ਟਿਕਟਾਂ ਖਰੀਦਣ ਲਈ ਕਤਾਰਾਂ ਵਿੱਚ ਨਹੀਂ ਖੜ੍ਹਨਾ ਪਵੇਗਾ ਅਤੇ ਨਾ ਹੀ ਖੁੱਲ੍ਹੇ ਪੈਸਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।
ਸਮਾਰਟ ਕਾਰਡ ਬਣਾਉਣਾ ਹੋਵੇਗਾ
ਸੈਣੀ ਨੇ ਕਿਹਾ ਕਿ ਟਿਕਟਾਂ ਖਰੀਦਣ ਲਈ ਰੇਲਵੇ ਯਾਤਰੀ ਏ.ਟੀ.ਵੀ.ਐਮ ਸਹਾਇਕ ਨਾਲ ਸੰਪਰਕ ਕਰਨ ਜਾਂ ਬੁਕਿੰਗ ਕਾਊਂਟਰ 'ਤੇ ਆਪਣਾ ਸਮਾਰਟ ਕਾਰਡ ਬਣਾ ਸਕਦੇ ਹਨ ਜਾਂ ਕਿਊਆਰ ਕੋਡ ਨੂੰ ਵੀ ਸਕੈਨ ਕਰ ਕੇ ਸਧਾਰਨ ਤਰੀਕੇ ਨਾਲ ਡਿਜੀਟਲ ਭੁਗਤਾਨ ਕਰਕੇ ਆਪਣੀ ਯਾਤਰਾ ਦੀ ਟਿਕਟ ਲੈ ਸਕਦੇ ਹਨ।
ਇਸ ਤਰ੍ਹਾਂ ਕਰੇਗਾ ਕੰਮ
ATVM ਤੋਂ ਟਿਕਟ ਖਰੀਦਣ ਲਈ, ਸਭ ਤੋਂ ਪਹਿਲਾਂ ਯਾਤਰੀ ਨੂੰ ਜਿਸ ਸਟੇਸ਼ਨ ਦੀ ਟਿਕਟ ਖਰੀਦਣੀ ਹੈ ਉਸ ਸਟੇਸ਼ਨ ਨੂੰ ਮੈਪ ਜਾਂ ਉਸ ਦਾ ਨਾਮ ਲਿਖ ਕੇ ਵੀ ਚੁਣ ਸਕਦੇ ਹਨ। ਸਟੇਸ਼ਨ ਦੀ ਚੋਣ ਕਰਨ ਤੋਂ ਬਾਅਦ, ਯਾਤਰੀ ਨੂੰ ਉਸ ਟਰੇਨ ਦੀ ਕਲਾਸ ਚੁਣਨੀ ਪਵੇਗੀ ਜਿਸ ਵਿੱਚ ਉਹ ਸਫਰ ਕਰਨਾ ਚਾਹੁੰਦਾ ਹੈ। ਇਸ ਤੋਂ ਬਾਅਦ ਟਿਕਟ ਦਾ ਭੁਗਤਾਨ ਕਰਨਾ ਪਵੇਗਾ।
ਇਸ ਤੋਂ ਬਾਅਦ ਮਸ਼ੀਨ ਤੋਂ ਪ੍ਰਿੰਟ ਕੀਤੀ ਟਿਕਟ ਬਾਹਰ ਆ ਜਾਵੇਗੀ। ਇਸ ਮਸ਼ੀਨ ਰਾਹੀਂ ਯਾਤਰੀ ਮਾਸਿਕ ਸੀਜ਼ਨ ਟਿਕਟ (MST) ਅਤੇ ਪਲੇਟਫਾਰਮ ਟਿਕਟ ਦਾ ਨਵੀਨੀਕਰਨ ਵੀ ਕਰ ਸਕਦੇ ਹਨ। ਰੇਲਵੇ ਯਾਤਰੀ ਟਿਕਟ ਦੀ ਅਸਲ ਕੀਮਤ ਅਦਾ ਕਰਕੇ ਆਸਾਨੀ ਨਾਲ ਆਪਣੀ ਟਿਕਟ ਪ੍ਰਾਪਤ ਕਰ ਸਕਣਗੇ।
Railway Stations In Punjab ATVM Machines Are Being Installed