December 26, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਹੈਬੋਵਾਲ ਕਲਾਂ ਦੇ ਪ੍ਰੇਮ ਵਿਹਾਰ ਇਲਾਕੇ ਵਿਚ ਇਕ ਘਰ ਵਿਚੋਂ ਮਾਂ-ਪੁੱਤ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਲੋਕਾਂ ਨੂੰ ਬਦਬੂ ਆਉਣ ਲੱਗੀ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਥਾਣਾ ਹੈਬੋਵਾਲ ਨੂੰ ਸੂਚਨਾ ਦਿੱਤੀ। ਮ੍ਰਿਤਕਾਂ ਦੀ ਪਛਾਣ ਸੋਨੀਆ (40) ਅਤੇ ਕਾਰਤਿਕ (10) ਵਜੋਂ ਹੋਈ ਹੈ। ਦੋਵਾਂ ਦੇ ਚਿਹਰਿਆਂ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਮਿਲੇ ਹਨ।
ਪੁਲਿਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਗਤਪੁਰੀ ਚੌਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਔਰਤ ਦਾ ਤਲਾਕ ਹੋ ਚੁੱਕਾ ਹੈ ਅਤੇ ਕਰੀਬ 4 ਸਾਲ ਪਹਿਲਾਂ ਆਪਣੇ ਲੜਕੇ ਨਾਲ ਪ੍ਰੇਮ ਵਿਹਾਰ ਇਲਾਕੇ 'ਚ ਰਹਿਣ ਲਈ ਆਈ ਸੀ। ਬਦਬੂ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਦਾ ਕਤਲ 2-3 ਦਿਨ ਪਹਿਲਾਂ ਹੋਇਆ ਹੈ । ਪੁਲਿਸ ਇਲਾਕੇ ਦੇ ਆਲੇ-ਦੁਆਲੇ ਸੀ.ਸੀ.ਟੀ.ਵੀ. ਫੁਟੇਜ ਨੂੰ ਸਕੈਨ ਕਰਕੇ ਜਾਂਚ ਕਰ ਰਹੀ ਹੈ ਕਿ ਔਰਤ ਦੇ ਘਰ ਕਿਹੜੇ-ਕਿਹੜੇ ਲੋਕਾਂ ਆਉਣਾ ਜਾਣਾ ਸੀ।
ਹਾਲਾਂਕਿ ਇਸ ਮਾਮਲੇ 'ਚ ਇਲਾਕੇ ਦੇ ਲੋਕਾਂ ਨੇ ਕਿਸੇ ਵਿਅਕਤੀ ਦੇ ਆਉਣ-ਜਾਣ ਦੀ ਸੂਚਨਾ ਦਿੱਤੀ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਰਹੀ ਹੈ। ਔਰਤ ਦੀ ਲਾਸ਼ ਕੋਲ ਜਾਂ ਘਰ 'ਚੋਂ ਕੋਈ ਵੀ ਮੋਬਾਈਲ ਫ਼ੋਨ ਬਰਾਮਦ ਨਹੀਂ ਹੋਇਆ ਹੈ ਪਰ ਔਰਤ ਦਾ ਮੋਬਾਈਲ ਫ਼ੋਨ ਟਰੇਸ ਕਰਕੇ ਉਸ ਦੀ ਕਾਲ ਡਿਟੇਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਫਿਲਹਾਲ ਮ੍ਰਿਤਕਾ ਦੇ ਮਾਪਿਆਂ ਦੇ ਪਰਿਵਾਰ ਦਾ ਪਤਾ ਲਗਾਉਣ ਅਤੇ ਉਨ੍ਹਾਂ ਨਾਲ ਸੰਪਰਕ ਕਰਨ ਤੋਂ ਬਾਅਦ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ।
Mother And Son Murdered With Sharp Weapon In Ludhiana