ਸ਼ਾਨਨ ਪਾਵਰ ਪ੍ਰੋਜੈਕਟ ਪੰਜਾਬ ਰਾਜ ਦੀ ਮਲਕੀਅਤ, ਹਿਮਾਚਲ ਦਾ ਹੱਕ ਨਹੀਂ: ਹਰਭਜਨ ਸਿੰਘ ਈਟੀਓ     PBKS ਬਨਾਮ RCB: ਬੰਗਲੌਰ 'ਚ ਮੀਂਹ ਰੁਕਣ 'ਤੇ ਮੈਦਾਨ ਕਵਰ ਹਟਾਏ, ਜਲਦ ਹੋਸਕਦੈ ਟਾਸ    ਨੈਸ਼ਨਲ ਹੈਰਾਲਡ ਮਾਮਲੇ 'ਚ ED ਵੱਲੋਂ ਚਾਰਜਸ਼ੀਟ 'ਚ 661 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ    ਮਿਆਂਮਾਰ 'ਚ ਮੁੜ ਭੂਚਾਲ ਦੇ ਝਟਕੇ ਕੀਤੇ ਮਹਿਸੂਸ, 3.9 ਤੀਬਰਤਾ ਨਾਲ ਹਿੱਲੀ ਧਰਤੀ    ਬਾਬਾ ਬਕਾਲਾ ਸਾਹਿਬ ਵਿਖੇ ਪੁਲਿਸ ਨੇ ਬੁਲਡੋਜ਼ਰ ਨਾਲ ਨਜਾਇਜ਼ ਕਬਜ਼ਾ ਹਟਾਇਆ    ਜਲੰਧਰ 'ਚ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ FIR ਦਰਜ    ਮੌਸਮ ਵਿਭਾਗ ਵੱਲੋਂ ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ    ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਲਾਈਨਜ਼ ਥਾਣੇ ਦੇ SHO ਤੇ ਵਧੀਕ SHO ਨੂੰ ਕੀਤਾ ਮੁਅੱਤਲ    MI ਬਨਾਮ SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਸਾਹਮਣੇ 163 ਦੌੜਾਂ ਦਾ ਟੀਚਾ ਰੱਖਿਆ    ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਪਰਉਪਕਾਰ ਸਿੰਘ ਘੁੰਮਣ ਹੋਣਗੇ ਅਕਾਲੀ ਦਲ ਦੇ ਉਮੀਦਵਾਰ   
ਸਿਆਟਲ 'ਚ ਪੰਜਾਬੀਆਂ ਦੀ ਆਮਦ
October 27, 2024
Arrival-Of-Punjabis-In-Seattle

ਬੱਚਿਆਂ ਨੂੰ ਗੁੱਡ ਟੱਚ ਤੇ ਬੈਡ ਟੱਚ ਬਾਰੇ ਕੀਤਾ ਜਾਵੇ ਜਾਗਰੂਕ

Admin / Article

ਸਿਆਟਲ ਜੋ ਕਿ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦਾ ਮੁੱਖ ਸ਼ਹਿਰ ਹੈ। ਸਿਆਟਲ ਇਥੋਂ ਦੇ ਰਹਿਣ ਵਾਲੇ ਅਮਰੀਕਾ ਦੇ ਮੂਲ ਨਿਵਾਸੀ ਕਬੀਲੇ ਦੀ ਖਤਮ ਹੋਣ ਕੰਢੇ ਪਹੁੰਚੀ ਲਾਸ਼ਟਸੀਡ (LUSHOOTSEED) ਭਾਸ਼ਾ ਦਾ ਸ਼ਬਦ ਹੈ। ਇਹ ਨਾਮ ਇਸ ਇਲਾਕੇ ਵਿਚ ਵਸਣ ਵਾਲੇ ਕਬੀਲੇ ਦੇ ਮੁਖੀ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਸ ਦਾ ਨਾਮ "ਸਿਆਸ਼" ਸੀ ਜੋ ਕਿ ਵਿਗੜ ਕੇ ਸਿਆਟਲ ਬਣ ਗਿਆ। ਇਹ ਮੁੱਖ ਤੌਰ 'ਤੇ ਯੂਰਪ ਤੋਂ ਆਉਣ ਵਾਲੇ ਗੋਰੇ ਲੋਕਾਂ ਪ੍ਰਤੀ ਦੋਸਤੀ ਵਾਲਾ ਰਵਈਆ ਰੱਖਦਾ ਸੀ। 1851 ਵਿਚ ਯੂਰਪ ਤੋਂ ਗੋਰੇ ਲੋਕ ਇੱਥੇ ਆਉਣੇ ਅਤੇ ਵਸਣੇ ਸ਼ੁਰੂ ਹੋਏ। ਸਭ ਤੋਂ ਪਹਿਲਾਂ ਉਹਨਾਂ ਨੇ ਇਸ ਇਲਾਕੇ ਦਾ ਨਾਮ ਨਿਊ ਯੌਰਕ ਰੱਖਿਆ ਸੀ। 1853 ਵਿਚ ਇੱਥੇ ਪਹਿਲੀ ਲੱਕੜ ਮਿੱਲ ਲੱਗੀ ਸੀ ਜੋ ਕਿ ਕੈਲੀਫੋਰਨੀਆਂ ਨੂੰ ਸਮੁੰਦਰੀ ਰਸਤੇ ਲੱਕੜ ਭੇਜਦੀ ਸੀ। 1869 ਵਿਚ ਸਿਆਟਲ ਦੀ ਜਨ ਸੰਖਿਆ 2,000 ਸੀ। 1889 ਵਿਚ ਲੱਗੀ ਭਿਆਨਕ ਅੱਗ ਨਾਲ 116 ਏਕੜ ਵਿਚ ਫੈਲਿਆ ਪੂਰਾ ਸ਼ਹਿਰ ਸੜ ਕੇ ਸੁਆਹ ਹੋ ਗਿਆ ਸੀ। ਇਸ ਤੋਂ ਸਬਕ ਸਿੱਖ ਕੇ ਸ਼ਹਿਰ ਨੂੰ ਵਧੀਆ ਢੰਘ ਨਾਲ ਦੁਬਾਰਾ ਉਸਾਰਿਆ ਗਿਆ ਸੀ।


ਕਲਾ, ਸਾਹਿਤ ਅਤੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਸਿਆਟਲ


17 ਜੁਲਾਈ 1897 ਨੂੰ ਅਲਾਸਕਾ ਤੋਂ ਇਕ ਟਨ ਸੋਨਾ ਲੈ ਕੇ "ਪੋਰਟਲੈਂਡ" ਨਾਮ ਦਾ ਸਮੁੰਦਰੀ ਜਹਾਜ਼ ਸਿਆਟਲ ਪਹੁੰਚਦਾ ਹੈ। ਇਹ ਖਬਰ ਪੂਰੀ ਅਮਰੀਕਾ ਵਿਚ ਜੰਗਲ ਦੀ ਅੱਗ ਵਾਂਗ ਫੇਲ ਗਈ। ਸੋਨੇ ਦੀ ਭਾਲ ਵਿਚ ਅਲਾਸਕਾ ਜਾਣ ਵਾਲੇ ਲੋਕਾਂ ਦੀ ਸਿਆਟਲ ਵਿਚ ਭੀੜ ਲੱਗ ਗਈ। ਕਿਉਂਕਿ ਅਲਾਸਕਾ ਜਾਣ ਵਾਸਤੇ ਸਿਆਟਲ ਅਮਰੀਕਾ ਦਾ ਮੁੱਖ ਸ਼ਹਿਰ ਹੈ। ਇਹਨਾਂ ਲੋਕਾਂ ਦੀ ਭੀੜ ਨੇ ਸਿਆਟਲ ਦੀ ਆਰਥਿਕਤਾ ਨੂੰ ਭਰਵਾਂ ਹੁੰਗਾਰਾ ਦਿੱਤਾ। 1916 ਵਿਚ ਬੋਇੰਗ ਕੰਪਨੀ ਨੇ ਸਿਆਟਲ ਵਿਚ ਹਵਾਈ ਜਹਾਜ਼ ਬਣਾਉਣ ਦਾ ਕਾਰਖਾਨਾ ਲਗਾਇਆ। ਹੁਣ ਤੱਕ ਕੋਈ 1400 ਦੇ ਕਰੀਬ ਕੰਪਨੀਆਂ ਸਿਆਟਲ ਵਿਚ ਸ਼ੁਰੂ ਹੋਈਆਂ ਹਨ। ਜਿਹਨਾਂ ਵਿਚ ਮੁੱਖ ਨਾਮ ਬੋਇੰਗ, ਐਮਾਜ਼ੋਨ ਕੌਸਕੋ, ਮਾਈਕਰੋਸੋਫਟ, ਟਰੱਕਾਂ ਦੇ ਇੰਜਣ ਬਣਾਉਣ ਵਾਲੀ ਪੈੱਕਰ, ਲੱਕੜ ਪੈਦਾ ਕਰਨ ਵਾਲੀ ਵੈਰਹਾਊਜ਼ਰ, ਅਲਾਸਕਾ ਏਅਰਲਾਈਨ ਅਤੇ ਆਨਲਾਈਨ ਟਿਕਟਾਂ ਬੁੱਕ ਕਰਨ ਵਾਲੀ ਐਕਸਪੀਡੀਆ ਹਨ। ਵਪਾਰਿਕ ਕੰਮਾਂ ਦੇ ਨਾਲ ਹੀ ਸਿਆਟਲ ਕਲਾ, ਸਾਹਿਤ ਅਤੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਵੀ ਹੈ। ਇਥੋਂ ਦੇ ਅਤਿ ਆਧੁਨਿਕ ਸਿਨੇਮੇ, ਕਈ ਤਰ੍ਹਾਂ ਦੇ ਕਲਾ ਦੇ ਅਜਾਇਬਘਰ ਅਤੇ ਨਾਚ ਨਾਟਕ ਨਟਕਰੈਕਰ ਦੁਨੀਆ ਭਰ ਵਿਚ ਮਸ਼ਹੂਰ ਹਨ।

ਵਾਸ਼ਿੰਗਟਨ ਸੂਬੇ 'ਚ 1900 'ਚ ਸ਼ੁਰੂ ਹੋਈ ਪੰਜਾਬੀਆਂ ਦੀ ਆਮਦ


ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਪੰਜਾਬੀਆਂ ਦੀ ਆਮਦ 1900 ਈਸਵੀ ਦੇ ਇਰਦ ਗਿਰਦ ਸ਼ੁਰੂ ਹੋਈ। ਬਹੁਤੇ ਲੋਕ ਕੈਨੇਡਾ ਤੋਂ ਸਰਹੱਦ ਟੱਪ ਕੇ ਇਧਰ ਆਉਂਦੇ ਸੀ। 1907 ਦੌਰਾਨ ਵਾਸ਼ਿੰਗਟਨ ਸੂਬੇ ਵਿਚ ਕੋਈ 2000 ਦੇ ਕਰੀਬ ਭਾਰਤੀ ਮੂਲ ਦੇ ਲੋਕ ਰਹਿੰਦੇ ਸਨ, ਜਿਹਨਾਂ ਵਿਚ ਵੱਡੀ ਬਹੁ ਗਿਣਤੀ ਪੰਜਾਬੀਆਂ ਅਤੇ ਸਿੱਖਾਂ ਦੀ ਸੀ। ਉਸ ਸਮੇਂ ਦੀਆਂ ਅਖਬਾਰਾਂ ਵਿਚ ਹਿੰਦੁਸਤਾਨ ਤੋਂ ਆਏ ਸਾਰੇ ਲੋਕਾਂ (ਸਿੱਖਾਂ ਅਤੇ ਮੁਸਲਮਾਨਾਂ ) ਲਈ ਹਿੰਦੂ ਸ਼ਬਦ ਹੀ ਵਰਤਿਆ ਜਾਂਦਾ ਸੀ। ਜ਼ਿਆਦਾ ਪੰਜਾਬੀ ਬੈਲਿੰਗਹੈਮ ਵਿਚ ਰਹਿੰਦੇ ਸਨ। ਇਹ ਲੋਕ ਲੱਕੜ ਦੀਆਂ ਮਿੱਲਾਂ ਵਿਚ ਕੰਮ ਕਰਦੇ ਸਨ। ਉਸ ਸਮੇਂ 30,000 ਦੀ ਅਬਾਦੀ ਵਾਲੇ ਬੈਲਿੰਗਹੈਮ ਸ਼ਹਿਰ ਵਿਚ ਕੋਈ 400 ਕੁ ਪੰਜਾਬੀ ਰਹਿੰਦੇ ਸਨ। 4 ਸਤੰਬਰ 1907 ਨੂੰ ਨਸਵਾਲਦੀ ਗੋਰਿਆਂ ਵਲੋਂ ਪੰਜਾਬੀਆਂ ਉੱਤੇ ਹਮਲੇ ਕੀਤੇ ਗਏ, ਉਹਨਾਂ ਦੇ ਸਾਮਾਨ ਅਤੇ ਘਰਾਂ ਦੀ ਭੰਨ-ਤੋੜ ਕੀਤੀ ਗਈ। ਪੰਜਾਬੀਆਂ ਨੇ ਠਾਣੇ ਵਿਚ ਰਾਤ ਕੱਟ ਕੇ ਆਪਣੀ ਜਾਨ ਬਚਾਈ। ਸਾਰੇ ਪੰਜਾਬੀ ਬੈਲਿੰਗਹੈਮ ਛੱਡ ਕੇ ਆਲੇ ਦੁਆਲੇ ਦੇ ਸ਼ਹਿਰਾਂ ਵਿਚ ਅਤੇ ਜ਼ਿਆਦਾ ਲੋਕ ਵਾਪਿਸ ਕੈਨੇਡਾ ਚਲੇ ਗਏ। ਇਸ ਤੋਂ ਬਾਅਦ 2 ਨਵੰਬਰ 1907 ਨੂੰ ਐਵਰਟ ਅਤੇ ਐਬਰਡੀਨ ਵਿਚ ਹੋਏ ਦੰਗਿਆਂ ਤੋਂ ਬਾਅਦ ਤਕਰੀਬਨ ਸਾਰੇ ਪੰਜਾਬੀ ਕੈਨੇਡਾ ਜਾਂ ਕੈਲੇਫੋਰਨੀਆ ਚਲੇ ਗਏ ਸਨ।


ਇਹ ਉਹ ਸਮਾਂ ਸੀ ਜਦੋਂ ਗੋਰੀ ਨਸਲ ਦੇ ਲੋਕ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਚੰਗੇ ਮੁਲਖਾਂ ਵਿਚ ਹੋਰ ਨਸਲ ਦੇ ਲੋਕਾਂ ਨੂੰ ਨਹੀਂ ਵਸਣ ਦੇਣਾ ਚਾਹੁੰਦੇ ਸਨ। ਅਮਰੀਕਾ ਵਿਚ ਉਸ ਸਮੇਂ ਏਸ਼ੀਅਨ ਖਾਸ ਕਰ ਚੀਨੀ, ਜਾਪਾਨੀ ਅਤੇ ਭਾਰਤੀ ਮੂਲ ਦੇ ਲੋਕਾਂ ਖਿਲਾਫ ਅਕਸਰ ਨਸਲੀ ਦੰਗੇ ਭੜਕਦੇ ਰਹਿੰਦੇ ਸਨ। ਚੀਨ ਅਤੇ ਜਾਪਾਨ ਦੀਆਂ ਸਰਕਾਰਾਂ ਆਪਣੇ ਲੋਕਾਂ ਦੇ ਹੱਕਾਂ ਦੀ ਰਾਖੀ ਵਾਸਤੇ ਸਰਕਾਰੀ ਤੌਰ 'ਤੇ ਦਖਲ ਅੰਦਾਜ਼ੀ ਕਰਦੀਆਂ ਸਨ ਅਤੇ ਕਈ ਵਾਰੀ ਹੋਏ ਮਾਲੀ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਕੇਸ ਵੀ ਹੁੰਦੇ ਸਨ। ਪਰ ਉਲਟਾ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਇਹ ਨਹੀਂ ਸੀ ਚਾਹੁੰਦੀ ਕੇ ਭਾਰਤੀ ਮੂਲ ਦੇ ਲੋਕ ਇਹਨਾਂ ਅਗਾਂਹ ਵਧੂ ਮੁਲਕਾਂ ਵਿਚ ਜਾਣ ਜਿਥੋਂ ਕੇ ਉਹਨਾਂ ਨੂੰ ਆਜ਼ਾਦੀ ਦੀ ਚਿੰਗਾੜੀ ਲੱਗਣ ਦਾ ਡਰ ਸੀ। ਫਿਜੀ, ਅਫ਼ਰੀਕਾ ਜਾਂ ਹੋਰ ਪਛੜੇ ਮੁਲਕਾਂ ਵਿਚ ਤਾਂ ਇਹਨਾਂ ਨੂੰ ਸਗੋਂ ਆਪ ਵਸਾਉਣਾ ਚਾਹੁੰਦੇ ਸਨ। ਕੈਨੇਡਾ ਵਿਚ ਵਾਪਰੀ ਕਾਮ ਗਾਟਾ ਮਾਰੂ ਦੀ ਘਟਨਾ ਇਸ ਦੀ ਪ੍ਰਤੱਖ ਉਦਾਹਰਣ ਹੈ।

ਸਰਦਾਰ ਭਾਗ ਸਿੰਘ ਖੇਲਾ ਦੇ ਯਤਨਾ ਸਦਕਾ ਹੋਈ ਗੁਰਦੁਆਰਿਆਂ ਦੀ ਸ਼ੁਰੂਆਤ


ਇਸ ਸਮੇਂ ਦੌਰਾਨ ਗਦਰੀ ਬਾਬੇ ਅਕਸਰ ਸਰਹੱਦ ਟੱਪ ਕੇ ਕੈਨੇਡਾ ਤੋਂ ਅਮਰੀਕਾ ਅਤੇ ਅਮਰੀਕਾ ਤੋਂ ਕੈਨੇਡਾ ਆਉਂਦੇ ਜਾਂਦੇ ਰਹਿੰਦੇ ਸਨ। ਕਰਤਾਰ ਸਿੰਘ ਸਰਾਭਾ, ਬਾਬੂ ਤਾਰਕਨਾਥ ਦਾਸ ਅਤੇ ਹੋਰ ਗਦਰੀ ਬਾਬੇ ਕੁਝ ਸਮੇਂ ਲਈ ਸਿਆਟਲ ਵਿਚ ਰਹਿੰਦੇ ਰਹੇ ਹਨ। ਇਸ ਤੋਂ ਬਾਅਦ 1960 ਦੇ ਸਮੇਂ ਦੌਰਾਨ ਜਲੰਧਰ ਜ਼ਿਲ੍ਹੇ ਦੇ ਖੇਲਾ ਪਿੰਡ ਤੋਂ ਸਰਦਾਰ ਭਾਗ ਸਿੰਘ ਖੇਲਾ ਬੋਇੰਗ ਕੰਪਨੀ ਵਿਚ ਇੰਜੀਨੀਅਰ ਵਜੋਂ ਅਤੇ ਬਲਵੰਤ ਗਾਰਗੀ ਵਾਸ਼ਿੰਗਟਨ ਯੂਨੀਵਰਸਿਟੀ ਵਿਚ ਅਧਿਆਪਕ ਵਜੋਂ ਨੌਕਰੀ ਕਰਨ ਲਈ ਇੱਥੇ ਪਹੁੰਚੇ। ਸਰਦਾਰ ਭਾਗ ਸਿੰਘ ਖੇਲਾ ਨੇ ਬਿਨਾਂ ਕਿਸੇ ਸਵਾਰਥ ਦੇ ਅੱਗੇ ਹੋ ਕੇ ਸਿੱਖ ਕਮਿਊਨਿਟੀ ਦੇ ਕੰਮਾਂ ਨੂੰ ਕੀਤਾ। ਉਨ੍ਹਾਂ ਨੇ ਰੈਂਟਨ ਅਤੇ ਆਬਰਨ ਵਾਲੇ ਗੁਰਦੁਆਰਿਆਂ ਦੀ ਸ਼ੁਰੂਆਤ ਕਰਨ ਵਿਚ ਇਕ ਵਡਮੁੱਲਾ ਯੋਗਦਾਨ ਪਾਇਆ। 1960 ਦੇ ਸਮੇਂ ਦੌਰਾਨ ਹੋਰ ਵੀ ਪੰਜਾਬੀ ਪਰਿਵਾਰ ਇੱਥੇ ਆਏ ਜਿਹਨਾਂ ਵਿਚ ਮੁੱਖ ਤੌਰ 'ਤੇ ਗੁਰਦੇਵ ਸਿੰਘ ਹੇਯਰ (ਲਿੱਤਰਾਂ), ਹਰਭਜਨ ਸਿੰਘ ਬੈਂਸ ਅਤੇ ਜਗਿੰਦਰ ਸਿੰਘ ਬੈਂਸ (ਦੋਵੇਂ ਭਰਾ), ਜੋਗਿੰਦਰ ਸਿੰਘ ਰੇਖੀ ਅਤੇ ਸੁਰਿੰਦਰ ਸਿੰਘ ਰੇਖੀ (ਦੋਵੇਂ ਭਰਾ), ਲਾਭ ਸਿੰਘ, ਉਪਿੰਦਰ ਸਿੰਘ ਢੀਂਡਸਾ (ਮੋਰੋਂ), ਮਾਹਲ ਸਾਹਿਬ ਅਤੇ ਢੱਟ ਸਾਹਿਬ ਦੇ ਨਾਮ ਵਰਨਣ ਯੋਗ ਹਨ। ਇਹਨਾਂ ਵਿਚੋਂ ਬਹੁਤੇ ਲੋਕ ਇੰਜੀਨਿਅਰ ਅਤੇ ਹੋਰ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਸਨ। ਇਸ ਸਮੇਂ ਦੌਰਾਨ ਆਉਣ ਵਾਲੇ ਹੋਰ ਲੋਕਾਂ ਬਾਰੇ ਜਾਣਕਾਰੀ ਮਿਲਣ 'ਤੇ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ। ਪੰਜਾਬੀਆਂ ਦੀ ਵੱਡੀ ਗਿਣਤੀ 1980 ਤੋਂ ਬਾਅਦ ਹੀ ਇੱਥੇ ਆਉਣੀ ਸ਼ੁਰੂ ਹੋਈ। ਪੰਜਾਬ ਦੇ ਕਾਲੇ ਦੌਰ ਵਾਲਾ ਮਾਹੌਲ ਅਤੇ ਇਹਨਾਂ ਮੁਲਖਾਂ ਵਿਚ ਸਿਆਸੀ ਸ਼ਰਨ ਮਿਲਣ ਕਰਕੇ ਪੰਜਾਬੀਆਂ ਨੇ ਇਸ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਪਰਵਾਸ ਕੀਤਾ। ਇਸ ਸਮੇਂ ਤਕਰੀਬਨ ਇਕ ਲੱਖ ਤੋਂ ਵੱਧ ਪੰਜਾਬੀ ਵਾਸ਼ਿੰਗਟਨ ਸੂਬੇ ਵਿਚ ਰਹਿੰਦੇ ਹਨ। ਪੰਜਾਬੀਆਂ ਦੀ ਸਭ ਤੋਂ ਵੱਧ ਵਸੋਂ ਕੈਂਟ ਅਤੇ ਸਿਆਟਲ ਦੇ ਆਲੇ ਦੁਆਲੇ ਹੈ।


ਬਲਿਹਾਰ ਸਿੰਘ ਲੇਹਲ

ਪ੍ਰਧਾਨ, ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ:)

206-244-4663

Arrival Of Punjabis In Seattle

local advertisement banners
Comments


Recommended News
Popular Posts
Just Now