April 18, 2025

ਚੰਡੀਗੜ੍ਹ, 18 ਅਪ੍ਰੈਲ 2025: ਇਨ੍ਹੀਂ ਦਿਨੀਂ ਸ਼ਾਨਨ ਪ੍ਰੋਜੈਕਟ ਨੂੰ ਲੈ ਕੇ ਪੰਜਾਬ ਅਤੇ ਹਿਮਾਚਲ 'ਚ ਰਾਜਨੀਤੀ ਗਰਮ ਹੈ। ਹੁਣ ਇਸ ਮਾਮਲੇ 'ਚ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਵੱਲੋਂ ਸ਼ਾਨਨ ਪਾਵਰ ਪ੍ਰੋਜੈਕਟ ਸਬੰਧੀ ਦਿੱਤੇ ਗਏ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਸ਼ਾਨਨ ਪਾਵਰ ਪ੍ਰੋਜੈਕਟ ਪੰਜਾਬ ਰਾਜ ਦੀ ਮਲਕੀਅਤ ਹੈ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਦਾ ਇਸ ਉੱਤੇ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਗਨੀਹੋਤਰੀ ਨੂੰ ਸ਼ਾਨਨ ਪ੍ਰੋਜੈਕਟ ਬਾਰੇ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਤੋਂ ਜਾਣੂ ਹੋਣਾ ਚਾਹੀਦਾ ਸੀ। ਤੱਥਾਂ ਤੋਂ ਅਣਜਾਣ ਹੋਣ ਕਰਕੇ, ਅਗਨੀਹੋਤਰੀ ਅਜਿਹੇ ਬਿਆਨ ਦੇ ਕੇ ਦੋਵਾਂ ਸੂਬਿਆਂ ਦੇ ਸਬੰਧਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ।
ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਮੈਂ ਅਗਨੀਹੋਤਰੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਪੰਜਾਬ ਰਾਜ ਦਾ ਪੁਨਰਗਠਨ 1966 'ਚ ਕੀਤਾ ਗਿਆ ਸੀ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਪੁਨਰਗਠਿਤ ਰਾਜਾਂ ਦੀਆਂ ਜਾਇਦਾਦਾਂ ਅਤੇ ਦੇਣਦਾਰੀਆਂ ਦੀ ਮਾਲਕੀ ਸੰਬੰਧੀ 01-05-1967 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ।
ਪੰਜਾਬ ਪੁਨਰਗਠਨ ਐਕਟ, 1966 ਦੀ ਧਾਰਾ 67(4) ਦੇ ਅਨੁਸਾਰ, ਭਾਰਤ ਸਰਕਾਰ ਨੇ ਹਾਈਡ੍ਰੋ ਪਾਵਰ ਹਾਊਸ ਜੋਗਿੰਦਰ ਨਗਰ ਦੀਆਂ ਜਾਇਦਾਦਾਂ ਪੰਜਾਬ ਰਾਜ ਬਿਜਲੀ ਬੋਰਡ ਨੂੰ ਅਲਾਟ ਕੀਤੀਆਂ ਜੋ ਹੁਣ ਪੰਜਾਬ ਰਾਜ ਵਿੱਚ ਪੀਐਸਪੀਸੀਐਲ ਦੇ ਰੂਪ ਵਿੱਚ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਗਨੀਹੋਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸੰਸਦ ਦੁਆਰਾ ਲਾਗੂ ਕੀਤਾ ਗਿਆ ਕੋਈ ਵੀ ਐਕਟ ਕਾਨੂੰਨ ਬਣ ਜਾਂਦਾ ਹੈ, ਜੋ ਕਿ ਇੱਕ ਦਸਤਾਵੇਜ਼ ਹੈ ਜਿਸਨੂੰ ਬਿਨਾਂ ਕਿਸੇ ਬਦਲਾਅ ਦੇ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਨਰਗਠਨ ਐਕਟ ਰਾਜਾਂ ਦੇ ਅਧਿਕਾਰਾਂ ਨੂੰ ਨਿਰਧਾਰਤ ਕਰਦਾ ਹੈ, ਇਸ ਲਈ, ਸ਼ਾਨਨ ਪ੍ਰੋਜੈਕਟ ਪੂਰੀ ਤਰ੍ਹਾਂ ਪੰਜਾਬ ਰਾਜ ਦੀ ਜਾਇਦਾਦ ਹੈ।
ਸ਼ਾਨਨ ਪ੍ਰੋਜੈਕਟ ਬਾਰੇ, ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਇੱਕ ਪ੍ਰੋਗਰਾਮ 'ਚ ਕਿਹਾ ਸੀ ਕਿ ਸ਼ਾਨਨ ਪਾਵਰ ਪ੍ਰੋਜੈਕਟ ਸਾਡਾ ਹੈ। ਅਸੀਂ ਇਸ ਮਾਮਲੇ ਵਿੱਚ ਇੱਕ ਇੰਚ ਵੀ ਪਿੱਛੇ ਨਹੀਂ ਹਟਣ ਵਾਲੇ। ਇਹ ਪੰਜਾਬ ਪੁਨਰਗਠਨ ਐਕਟ ਅਧੀਨ ਜਾਇਦਾਦ ਦੀ ਵੰਡ ਦਾ ਮਾਮਲਾ ਨਹੀਂ ਹੈ, ਕਿਉਂਕਿ ਸ਼ਾਨਨ ਜਾਂ ਮੰਡੀ ਕਦੇ ਵੀ ਪੰਜਾਬ ਦਾ ਹਿੱਸਾ ਨਹੀਂ ਸਨ।
ਜਦੋਂ ਮੰਡੀ ਪੰਜਾਬ ਦਾ ਹਿੱਸਾ ਨਹੀਂ ਸੀ ਅਤੇ ਸ਼ਾਨਨ ਪੂਰੀ ਤਰ੍ਹਾਂ ਹਿਮਾਚਲ ਦੀ ਜ਼ਮੀਨ 'ਤੇ ਬਣਿਆ ਸੀ, ਉਦੋਂ ਇਹ ਪ੍ਰੋਜੈਕਟ ਵੀ ਹਿਮਾਚਲ ਦਾ ਹੀ ਸੀ। ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਹਿਮਾਚਲ ਸਰਕਾਰਾਂ ਵਿਚਕਾਰ ਸਮਝੌਤਾ 2024 ਵਿੱਚ ਖਤਮ ਹੋ ਗਿਆ ਹੈ। ਹੁਣ ਹਿਮਾਚਲ ਸਰਕਾਰ ਇਸ ਪ੍ਰੋਜੈਕਟ ਨੂੰ ਆਪਣੇ ਕੰਟਰੋਲ ਵਿੱਚ ਲਵੇਗੀ। ਉਨ੍ਹਾਂ ਪੰਜਾਬ ਨੂੰ ਅਪੀਲ ਕੀਤੀ ਕਿ ਜੇਕਰ ਇਹ ਸੱਚਮੁੱਚ ਹਿਮਾਚਲ ਦਾ ਵੱਡਾ ਭਰਾ ਹੈ, ਤਾਂ ਇਸਨੂੰ ਇਹ ਪ੍ਰੋਜੈਕਟ ਹਿਮਾਚਲ ਨੂੰ ਸੌਂਪ ਦੇਣਾ ਚਾਹੀਦਾ ਹੈ।
Shanan Power Project Is The Property Of Punjab State Not Himachal s Right Harbhajan Singh ETO