March 20, 2025

ਸੋਸ਼ਲ ਮੀਡੀਆ ਦੀ ਵਰਤੋਂ ਨਾਲ ਤੁਸੀਂ ਹਮੇਸ਼ਾ ਇਕ ਬਹੁਤ ਹੀ ਵਧੀਆ ਪ੍ਰੋਫੈਸ਼ਨਲ ਨੈੱਟਵਰਕ ਬਣਾ ਸਕਦੇ ਹੋ
ਲੇਖ
Admin / Article
ਪਹਿਲੀ ਸੋਸ਼ਲ ਮੀਡੀਆ ਵੈੱਬਸਾਈਟ Six Degree ਨੂੰ 1997 ਵਿਚ ਬਣਾਇਆ ਗਿਆ। ਅੱਜ ਕੱਲ੍ਹ ਸੋਸ਼ਲ ਮੀਡੀਆ ਵੈੱਬਸਾਈਟਾਂ ਨੂੰ ਹਰ ਉਮਰ ਦੇ ਲੋਕ ਵਰਤਦੇ ਹਨ। ਇਹ ਵੈੱਬਸਾਈਟ ਸਹੀ ਤੇ ਗਲਤ ਦੋਹਾਂ ਤਰੀਕਿਆਂ ਨਾਲ ਵਰਤੀਆਂ ਜਾਂਦੀਆਂ ਹਨ। ਪਰ ਸਵਾਲ ਇਹ ਹੈ ਕਿ ਸੋਸ਼ਲ ਮੀਡੀਆ ਦੀ ਗਲਤੀ ਵਰਤੋਂ ਜਾਂ ਸਮਾਂ ਖਰਾਬ ਹੋਣ ਕਾਰਨ ਇਸ ਨੂੰ ਵਰਤਣਾ ਛੱਡ ਦੇਣਾ ਚਾਹੀਦਾ ਹੈ?
ਨਹੀਂ, ਸਾਨੂੰ ਨਹੀਂ ਛੱਡਣਾ ਚਾਹੀਦਾ। ਚਲੋ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਨੂੰ ਸਕਾਰਾਤਮਕ ਤਰੀਕੇ ਨਾਲ ਕਿਵੇਂ ਵਰਤਿਆ ਜਾਵੇ। ਹੇਠਾਂ ਦਿੱਤੇ ਕੁਝ ਨੁਕਤੇ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਲਈ ਬਹੁਤ ਮਦਦ ਕਰਨਗੇ। ਇਨ੍ਹਾਂ ਨੁਕਤਿਆਂ ਨੂੰ ਅਪਣਾਉਣ ਨਾਲ ਸਾਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਵੇਗਾ ਕਿ ਅਸੀਂ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਕਰ ਰਹੇ ਹਾਂ ਜਾਂ ਸਹੀ ਵਰਤੋਂ ਕਰ ਰਹੇ ਹਾਂ।
1. ਪ੍ਰੋਫੈਸ਼ਨਲ ਨੈੱਟਵਰਕ ਬਣਾਉਣ : ਸੋਸ਼ਲ ਮੀਡੀਆ ਦੀ ਵਰਤੋਂ ਨਾਲ ਤੁਸੀਂ ਹਮੇਸ਼ਾ ਇਕ ਬਹੁਤ ਹੀ ਵਧੀਆ ਪ੍ਰੋਫੈਸ਼ਨਲ ਨੈੱਟਵਰਕ ਬਣਾ ਸਕਦੇ ਹੋ। ਮੰਨ ਲਓ ਤੁਹਾਡਾ ਕੰਮ ਕਰਨ ਦਾ ਖੇਤਰ ਕੋਈ ਵੀ ਹੈ ਉਸ ਦੇ ਨਾਲ ਸਬੰਧਿਤ ਪੇਜ ਤੇ ਚੈਨਲਜ਼ ਨੂੰ Follow ਕਰੋ। ਇਸ ਦੇ ਨਾਲ ਇਹ ਹੋਵੇਗਾ ਕਿ ਤੁਹਾਨੂੰ ਰੋਜ਼ਾਨਾ ਪਤਾ ਲੱਗਦਾ ਰਹੇਗਾ ਕਿ ਤੁਹਾਡੇ ਖੇਤਰ ਵਿਚ ਕੀ ਨਵੀਂ ਖੋਜ ਹੋਈ ਹੈ ਤੇ ਤੁਹਾਡੇ ਖੇਤਰ ਦੇ ਨਾਲ ਸਬੰਧਿਤ ਲੋਕ ਅੱਜ ਕੱਲ੍ਹ ਕੀ ਕਰ ਰਹੇ ਹਨ।
2. ਨਾਕਾਰਾਤਮਕ ਚੀਜ਼ਾਂ ਨੂੰ ਸ਼ੇਅਰ ਨਾ ਕਰਨਾ : ਕਿਸੇ ਵੀ ਤਰੀਕੇ ਨਾਲ ਲੋਕਾਂ 'ਤੇ ਨਾਕਾਰਾਤਮਕ ਪ੍ਰਭਾਵ ਛੱਡਣ ਵਾਲੀਆਂ ਚੀਜ਼ਾਂ ਨੂੰ ਸ਼ੇਅਰ ਨਾ ਕਰੋ। ਇਹ ਨਾਕਾਰਾਤਮਕ ਚੀਜ਼ਾਂ ਜਿਵੇਂ ਨਾਕਾਰਤਮਕ ਟਿੱਪਣੀਆਂ ਗਾਣੇ, ਤਸਵੀਰਾਂ ਆਦਿ ਹਨ। ਅਸੀਂ ਨਹੀਂ ਜਾਣਦੇ ਕਿ ਸਾਡੀ ਸਾਂਝੀ ਕੀਤੀ ਹੋਈ ਕੋਈ ਵੀ ਚੀਜ਼ ਕਿਸ ਨੂੰ ਕਿਸ ਵੇਲੇ ਨਿਰਾਸ਼ ਜਾਂ ਢਹਿੰਦੀ ਕਲਾ ਵੱਲ ਲਿਜਾ ਸਕਦੀ ਹੈ।
3. Texting ਤੋਂ ਬਚੋ : ਕੀ ਤੁਹਾਨੂੰ ਪਤਾ ਹੈ ਕਿ Texting 10 ਗੁਣਾ ਜ਼ਿਆਦਾ ਸਮਾਂ ਲੈਂਦੀ ਹੈ ਕਿਸੇ ਨਾਲ ਗੱਲ ਕਰਨ ਤੋਂ ਜਾਂ ਮਿਲਣ ਤੋਂ। ਇਸ ਲਈ ਕੋਸ਼ਿਸ਼ ਕਰੋ ਕਿ Texting ਦੀ ਬਜਾਏ ਕਾਲ ਕਰ ਲਈ ਜਾਵੇ ਤਾਂ ਜੋ ਆਪਣਾ ਤੇ ਹੋਰ ਕਿਸੇ ਦਾ ਸਮਾਂ ਬਚਾਇਆ ਜਾ ਸਕੇ।
4. ਆਪਣੀਆਂ ਪ੍ਰਾਪਤੀਆਂ ਨੂੰ ਸਾਂਝੀਆਂ ਕਰਨਾ : ਹਮੇਸ਼ਾ ਆਪਣੀਆਂ ਪ੍ਰਾਪਤੀਆਂ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਦੋਸਤ ਮਿੱਤਰਾਂ ਨਾਲ ਸ਼ੇਅਰ ਕਰੋ। ਇਸ ਨਾਲ ਤੁਹਾਨੂੰ ਅੱਗੇ ਵਧਣ ਦੀ ਪ੍ਰੇਰਨਾ ਤੇ ਸ਼ੁੱਭ ਇਛਾਵਾਂ ਮਿਲਦੀਆਂ ਰਹਿਣਗੀਆਂ। ਆਪਣੀਆਂ ਪ੍ਰਾਪਤੀਆਂ ਦੀ ਸਾਂਝ ਪਾਉਣ ਵਿਚ ਕਦੇ ਵੀ ਸ਼ਰਮ ਨਾ ਕਰੋ।
5. ਨਿੱਜੀ ਸੁਰੱਖਿਆ : ਖਾਸ ਕਰਕੇ ਲੜਕੀਆਂ ਤੇ ਔਰਤਾਂ ਜੇਕਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾ ਰਹੀਆਂ ਹੋਣ ਤਾਂ ਕੁਝ ਗਲਤ ਦਿਮਾਗ ਵਾਲੇ ਲੋਕ ਤੁਹਾਡੀਆਂ ਤਸਵੀਰਾਂ ਨੂੰ ਗਲਤ ਤਰੀਕੇ ਨਾਲ ਹੋਰ ਕਿਤੇ ਸਾਂਝੀਆਂ ਕਰ ਸਕਦੇ ਹਨ। ਜੋ ਤਸਵੀਰ ਤੇ ਵੀਡੀਓ ਇਕ ਵਾਰ ਇੰਟਰਨੈੱਟ ਜਾਂ ਫਿਰ ਸੋਸ਼ਲ ਮੀਡੀਆ 'ਤੇ ਪ੍ਰਕਾਸ਼ਿਤ ਹੋ ਜਾਂਦੀ ਹੈ ਉਸ ਨੂੰ ਖਤਮ ਕਰਨਾ ਬਹੁਤ ਮੁਸ਼ਕਿਲ ਹੈ। ਇਸ ਕਰਕੇ ਉਹੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਜਿਨ੍ਹਾਂ ਦਾ ਅੱਗੇ ਚੱਲ ਕੇ ਕੋਈ ਨੁਕਸਾਨ ਨਾ ਹੋਵੇ।
6. ਆਤਮ ਉਤਸ਼ਾਹ : ਤੁਸੀਂ ਜਿਸ ਵੀ ਖੇਤਰ ਵਿਚ ਕੰਮ ਕਰਦੇ ਹੋ ਉਸ ਖੇਤਰ ਦੇ ਕੁਝ ਮਹਾਨ ਲੋਕ ਹੋਣਗੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ Follow ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਆਤਮ ਸਮਰਪਣ ਵਿਸ਼ਵਾਸ ਮਿਲਦਾ ਰਹੇਗਾ ਆਪਣੇ ਖੇਤਰ ਵਿਚ ਅੱਗੇ ਵਧਣ ਲਈ ਤੇ ਕੁਝ ਨਵਾਂ ਕਰ ਦਿਖਾਉਣ ਲਈ।
ਇੰਟਰਨੈੱਟ ਤੇ ਸੋਸ਼ਲ ਮੀਡੀਆ ਇਨਸਾਨ ਦੁਆਰਾ ਬਣਾਈਆਂ ਬਹੁਤ ਹੀ ਵਡਮੁਲੀਆਂ ਵਸਤਾਂ ਹਨ ਜੇ ਸਹੀ ਤਰੀਕੇ ਨਾਲ ਵਰਤੀਆਂ ਜਾਣ। ਇਨ੍ਹਾਂ ਨੂੰ ਇਸ ਲਈ ਨਾ ਛੱਡੋ ਕਿ ਤੁਹਾਡਾ ਸਮਾਂ ਖਰਾਬ ਕਰ ਰਹੀਆਂ ਹਨ, ਸਿਰਫ ਇਨ੍ਹਾਂ ਨੂੰ ਚਲਾਉਂਦੇ ਸਮੇਂ ਉਪਰੋਕਤ ਨੁਕਤਿਆਂ ਦਾ ਧਿਆਨ ਰੱਖੋ।
-ਸ. ਜਸਮਿੰਦਰ ਸਿੰਘ
Social Media