December 25, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੇ ਰੂਪਨਗਰ 'ਚ ਪੁਲਿਸ ਨੇ ਪਿਛਲੇ 18 ਮਹੀਨਿਆਂ 'ਚ 11 ਲੋਕਾਂ ਦੇ ਕਤਲ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਾਮ ਸਵਰੂਪ ਉਰਫ ਸੋਢੀ ਵਾਸੀ ਪਿੰਡ ਚੌੜਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਦੋਸ਼ੀ ਨੂੰ ਸੋਮਵਾਰ ਨੂੰ ਇਕ ਹੋਰ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਸੀ ਕਿ ਉਹ 'ਸੀਰੀਅਲ ਕਿਲਰ' ਹੈ।
ਪੁਲਿਸ ਨੇ ਕਿਹਾ ਕਿ ਉਹ ਆਪਣੀ ਕਾਰ ਵਿਚ ਬੰਦਿਆਂ ਨੂੰ ਲਿਫਟ ਦੇ ਕੇ ਲੁੱਟਦਾ ਸੀ ਅਤੇ ਵਿਰੋਧ ਕਰਨ 'ਤੇ ਉਨ੍ਹਾਂ ਨੂੰ ਮਾਰ ਦਿੰਦਾ ਸੀ। ਰੂਪਨਗਰ ਦੇ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਵਾਪਰੇ ਘਿਨਾਉਣੇ ਅਪਰਾਧਾਂ ਦੇ ਮਾਮਲਿਆਂ ਨੂੰ ਹੱਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਖੁਰਾਣਾ ਨੇ ਕਿਹਾ ਕਿ ਕਤਲ ਕੇਸਾਂ ਵਿਚ ਸ਼ਾਮਲ ਅਪਰਾਧੀਆਂ ਨੂੰ ਫੜਨ ਲਈ ਪੁਲਿਸ ਟੀਮ ਬਣਾਈ ਗਈ ਸੀ। ਉਨ੍ਹਾਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਵਾਪਰੇ ਇੱਕ ਕਤਲ ਕੇਸ ਦਾ ਜ਼ਿਕਰ ਕਰਦਿਆਂ ਕਿਹਾ ਕਿ 18 ਅਗਸਤ ਨੂੰ ਟੋਲ ਪਲਾਜ਼ਾ ਮੋਦਰਾ ਵਿਖੇ ਚਾਹ-ਪਾਣੀ ਦੀ ਸੇਵਾ ਕਰਨ ਵਾਲੇ ਕਰੀਬ 37 ਸਾਲ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਰਾਮਸਵਰੂਪ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਉਸ ਦੀ ਹੋਰ ਵਾਰਦਾਤਾਂ 'ਚ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ ਕਤਲ ਕਰਨ ਦੀ ਗੱਲ ਵੀ ਕਬੂਲੀ ਹੈ। ਪੁਲਿਸ ਨੇ ਕਿਹਾ ਕਿ ਉਹ ਆਪਣੇ ਪੀੜਤਾਂ ਦਾ ਗਲਾ ਘੁੱਟ ਦਿੰਦਾ ਸੀ ਜਾਂ ਉਨ੍ਹਾਂ ਨੂੰ ਇੱਟਾਂ ਅਤੇ ਪੱਥਰ ਵਰਗੀਆਂ ਚੀਜ਼ਾਂ ਨਾਲ ਮਾਰ ਦਿੰਦਾ ਸੀ।
serial Killer Who Committed 11 Murders In 18 Months Arrested