December 26, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਮਾਰਕਫੈੱਡ ਗੋਦਾਮ ਵਿਚੋਂ ਕਣਕ ਚੋਰੀ ਹੋਣ ਦੇ ਮਾਮਲੇ ਵਿਚ ਵਿਭਾਗ ਨੇ 3 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਗੋਦਾਮ 'ਚ ਹੋਈ ਚੋਰੀ ਦੇ ਮੁਲਜ਼ਮ ਸ਼ੇਰ ਸਿੰਘ ਨੂੰ ਕਣਕ ਅਤੇ ਟਰਾਲੀ ਸਮੇਤ ਡਿਊਟੀ ਮੈਜਿਸਟ੍ਰੇਟ ਚੇਤਨ ਸ਼ਰਮਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਦਾ 2 ਦਿਨ ਦਾ ਰਿਮਾਂਡ ਲਿਆ ਗਿਆ ਹੈ। ਹੁਣ ਮਾਰਕਫੈੱਡ ਦੇ ਐਮਡੀ ਦੀਆਂ ਹਦਾਇਤਾਂ ’ਤੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਐੱਮਡੀ ਦੇ ਨਿਰਦੇਸ਼ਾਂ 'ਤੇ ਸਥਾਨਕ ਮੈਨੇਜਰ ਅਵੀ ਕੁਮਾਰ ਮਨਚੰਦਾ, ਏਐੱਫਓ ਰੌਬਿਨ ਅਤੇ ਸਟੈਫ਼ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਉਹ ਮਾਰਕਫੈੱਡ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਤਾਇਨਾਤ ਰਹਿਣਗੇ। ਉਥੇ ਹੀ ਚੰਡੀਗੜ੍ਹ ਦਫ਼ਤਰ ਨੇ ਚੋਰੀ ਹੋਈ ਕਣਕ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਲਈ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਬਠਿੰਡਾ ਦੇ ਡੀਐਮ ਗੁਰਮਨਦੀਪ ਸਿੰਘ ਇਸ ਕਮੇਟੀ ਦੀ ਅਗਵਾਈ ਕਰ ਰਹੇ ਹਨ।
ਡੀਐਮ ਗੁਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਆਪਣੇ ਪੱਧਰ ’ਤੇ ਜਾਂਚ ਕਰ ਰਹੀ ਹੈ। ਫਿਜ਼ੀਕਲ ਵੈਰੀਫਿਕੇਸ਼ਨ 3 ਦਿਨਾਂ ਵਿਚ ਮੁਕੰਮਲ ਕਰਨ ਦੀਆਂ ਹਦਾਇਤਾਂ ਮਿਲੀਆਂ ਹਨ। ਸਾਰੀ ਤਸਦੀਕ ਕਰਨ ਤੋਂ ਬਾਅਦ ਰਿਪੋਰਟ ਚੰਡੀਗੜ੍ਹ ਸਥਿਤ ਮਾਰਕਫੈੱਡ ਦੇ ਮੁੱਖ ਦਫਤਰ ਨੂੰ ਸੌਂਪ ਦਿੱਤੀ ਜਾਵੇਗੀ। ਮਾਨਸਾ ਦੇ ਡੀਐੱਮ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਤਕਨੀਕੀ ਅਧਿਕਾਰੀ ਵੀ ਪੜਤਾਲ ਲਈ ਤਾਇਨਾਤ ਕੀਤੇ ਗਏ ਹਨ।
ਇਹ ਟੀਮ ਅਬੋਹਰ ਪਹੁੰਚ ਕੇ ਫਿਜ਼ੀਕਲ ਵੈਰੀਫਿਕੇਸ਼ਨ ਕਰ ਰਹੀ ਹੈ। ਫਾਜ਼ਿਲਕਾ ਦੇ ਡੀਐੱਮ ਮਨੀਸ਼ ਗਰਗ ਨੇ ਦੱਸਿਆ ਕਿ ਉੱਚ ਅਧਿਕਾਰੀ ਦੇ ਨਿਰਦੇਸ਼ਾਂ 'ਤੇ ਟੀਮ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਪੜਤਾਲ ਦਾ ਕੰਮ ਖਤਮ ਹੋਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ ਕਿ ਕਿੰਨੀ ਕਣਕ ਚੋਰੀ ਹੋਈ ਹੈ।
Wheat Theft From Markfed Godown Accused Presented In Court 4 member Committee Formed Three Officials Suspended