September 18, 2024
Admin / Sports
ਮਿਲਾਨ ਇਟਲੀ, ਸਾਬੀ ਚੀਨੀਆ : ਇਟਲੀ ਦੇ ਕਸਬਾ ਸਨਜੁਆਨੀ ਵਲਦਾਰਨੋ ਵਿਖੇ ਵਿਖੇ ਗੁਰਦੁਆਰਾ ਸੰਗਤ ਸਭਾ ਤੈਰਾਨੌਵਾ ਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਯੂਰਪੀਅਨ ਸਪੋਰਟਸ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਯੂਰਪ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ ਹੋਏ ਫਸਵੇਂ ਮੁਕਾਬਲਿਆਂ ਵਿਚ ਸਪੇਨ ਨੂੰ ਅੱਧੇ ਅੰਕ ਨਾਲ ਹਰਾ ਕੇ ਹਾਲੈਂਡ ਦੀ ਟੀਮ ਨੇ ਜੇਤੂ ਕੱਪ ਆਪਣੇ ਨਾਮ ਕਰ ਲਿਆ।
ਦੱਸਣਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਚੱਲ ਰਹੇ ਕਬੱਡੀ ਮੁਕਾਬਲਿਆਂ ਵਿਚ ਖੇਡਣ ਲਈ ਕੋਈ 50 ਦੇ ਕਰੀਬ ਖਿਡਾਰੀ ਭਾਰਤ ਤੋਂ ਆਏ ਹੋਏ ਸਨ ਅਤੇ ਯੂਰਪ ਦੀਆਂ ਵੱਖ-ਵੱਖ ਖੇਡ ਕਲੱਬਾਂ ਵੱਲੋਂ ਕਰਵਾਏ ਮੁਕਾਬਲਿਆਂ ਵਿਚ ਇਸ ਸੀਜ਼ਨ ਦੇ ਆਖਰੀ ਮੁਕਾਬਲੇ ਇਟਲੀ ਦੇ ਸ਼ਹਿਰ ਸਨਜੁਆਨੀ ਵਲਦਾਰਨੋ ਆਰੇਸੋ ਵਿਖੇ ਕਰਵਾਏ ਗਏ ਜਿਨ੍ਹਾਂ ਵਿਚ 6 ਟੀਮਾਂ ਨੇ ਹਿੱਸਾ ਲਿਆ। ਪਹਿਲੇ ਸੈਮੀਫਾਈਨਲ ਵਿਚ ਸਿੰਘ ਸਭਾ ਕਲੱਬ ਫਰਾਂਸ ਇਟਲੀ ਰੋਮ ਦੀ ਸਾਂਝੀ ਟੀਮ ਦਾ ਮੁਕਾਬਲਾ ਦਸ਼ਮੇਸ ਸਪੋਰਟਸ ਕਲੱਬ ਹਾਲੈਂਡ ਦੇ ਨਾਲ ਹੋਇਆ, ਜਿਸ ਵਿਚ ਹਾਲੈਂਡ ਦੀ ਟੀਮ ਨੇ ਇਟਲੀ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਸੀ।
ਇਸੇ ਤਰ੍ਹਾਂ ਦੂਸਰੇ ਸੈਮੀਫਾਈਨਲ ਮੁਕਾਬਲੇ ਵਿਚ ਦੂਸਰੇ ਇਟਲੀ ਦੀ ਹੀ ਬਣੀ ਹੋਈ ਦੂਜੀ ਟੀਮ ਨੂੰ ਹਰਾ ਕੇ ਸਪੇਨ ਨੇ ਫਾਈਨਲ ਕੁਝ ਸ਼ਮੂਲੀਅਤ ਕੀਤੀ ਸੀ। ਟੂਰਨਾਮੈਂਟ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਰਨੈਲ ਸਿੰਘ ਜੀ ਪੀਰ ਮੁਹੰਮਦ ਵੱਲੋਂ ਖਿਡਾਰੀਆਂ ਦੇ ਨਾਲ ਜਾਣ-ਪਛਾਣ ਕਰ ਕੇ ਮੈਚਾਂ ਦੀ ਆਰੰਭਤਾ ਕਰਵਾਈ ਗਈ। ਇਸ ਤੋਂ ਪਹਿਲਾਂ ਕਰਵਾਏ ਫੁੱਟਬਾਲ ਦੇ ਮੈਚਾਂ ਵਿਚ ਸ਼ਹਿਰ ਦੀ ਮੇਅਰ ਵਲਨਤੀਨਾ ਵੱਲੋਂ ਰੀਬਨ ਕੱਟਕੇ ਇਸ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ ਸੀ।
ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਮੁੱਖ ਪ੍ਰਬੰਧਕ ਸੁੱਖਾ ਗਿੱਲ ਹਰਪ੍ਰੀਤ ਸਿੰਘ ਜ਼ੀਰਾ ਤੇ ਰੁਪਿਦਰਜੀਤ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਭਰਵਾਂ ਸਵਾਗਤ ਅਤੇ ਮਾਣ-ਸਨਮਾਨ ਕੀਤਾ ਗਿਆ। ਜਿੱਥੇ ਖੇਡ ਮੇਲੇ ਨੂੰ ਲੈ ਕੇ ਤੁਸਕਾਨਾ ਸਟੇਟ ਦੇ ਕਈ ਪਿੰਡਾਂ ਤੋਂ ਲੋਕ ਪਹੁੰਚੇ ਹੋਏ ਸਨ ਉੱਥੇ ਸਪੇਨ, ਫ਼ਰਾਂਸ, ਜਰਮਨੀ, ਬੈਲਜੀਅਮ ਆਦਿ ਤੋਂ ਵੀ ਖਿਡਾਰੀ ਤੇ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ।
ਦਸਤਾਰ ਮੁਕਾਬਲੇ ਤੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ
ਪ੍ਰਬੰਧਕ ਕਮੇਟੀ ਵੱਲੋਂ ਆਏ ਖਿਡਾਰੀਆਂ ਲਈ ਲੋੜੀਂਦੇ ਪ੍ਰਬੰਧ ਕੀਤੇ ਹੋਏ ਸਨ ਇਸ ਦੇ ਬਾਵਜੂਦ ਕਈ ਖੇਡ ਪ੍ਰੇਮੀਆਂ ਵੱਲੋਂ ਖਿਡਾਰੀਆਂ ਨੂੰ ਆਪਣੇ-ਆਪਣੇ ਤੌਰ 'ਤੇ ਵੀ ਸਨਮਾਨਿਤ ਕੀਤਾ ਗਿਆ। ਕਮੈਂਟਰੀ ਵਿਚ ਬੱਬੂ ਜਲੰਧਰੀ ਤਾਰਾ ਕਿਸ਼ਨਪੁਰੀਆ, ਆਲਮਗੀਰ ਅਤੇ ਅਮਨ ਨੇ ਆਪਣੇ ਮਿੱਠੇ ਬੋਲਾਂ ਰਾਹੀਂ ਦਰਸ਼ਕਾਂ ਨੂੰ ਅੱਖੀਂ ਡਿੱਠਾ ਹਾਲ ਸੁਣਾਇਆ। ਸ਼ਲਾਘਾਯੋਗ ਉਪਰਾਲਾ ਕਰਦਿਆਂ ਹੋਇਆ ਇਕ-ਦਿਨ ਪਹਿਲਾਂ ਦਸਤਾਰ ਮੁਕਾਬਲੇ ਕਰਵਾਏ ਗਏ ਸਨ। ਉੱਥੇ ਛੋਟੇ ਛੋਟਿਆਂ ਨੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ ਅਤੇ ਨਾਲ ਦੀ ਨਾਲ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਆਏ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੁੜੇ ਰਹਿਣ ਲਈ ਪੰਜਾਬੀ ਲਿਖੇ ਹੋਏ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ।
Italy Holland Won The Title By Defeating Spain In The European Kabaddi Championship