September 17, 2024
Admin / International
ਸਿਆਟਲ, ਬਲਿਹਾਰ ਲ੍ਹੇਲ : ਗੁਰਮਤਿ ਦੇ ਨਿਸ਼ਕਾਮ ਸੇਵਾ ਸੰਕਲਪ ਨੂੰ ਪਰਣਾਈ ਹੋਈ ਸੰਸਥਾ 'ਸੇਵਾਦਾਰ' ਵੱਲੋਂ ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਇਕ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਅਮਰੀਕਾ ਵਿਚ ਸਤੰਬਰ 11 ਦੀਆਂ ਘਟਨਾਵਾਂ ਵਿਚ ਮਾਰੇ ਗਏ ਬੇਕਸੂਰ ਲੋਕਾਂ ਦੀ ਯਾਦ ਨੂੰ ਸਮਰਪਿਤ ਸੀ। ਸਤੰਬਰ 11 ਦੀਆਂ ਘਟਨਾਵਾਂ ਵਿਚ ਜਿੱਥੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਉੱਥੇ ਨਾਲ ਹੀ ਇਨ੍ਹਾਂ ਘਟਨਾਵਾਂ ਤੋਂ ਬਾਅਦ ਫੈਲੀ ਧਾਰਮਿਕ ਨਫਰਤ ਕਾਰਨ ਵੀ ਬਹੁਤ ਸਾਰੇ ਲੋਕਾਂ ਨੇ ਸੰਤਾਪ ਭੋਗਿਆ। ਸੇਵਾਦਾਰ ਗਰੁੱਪ ਦੇ ਪ੍ਰਬੰਧਕਾਂ ਅਨੁਸਾਰ ਇਹ ਕੈਂਪ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ ਸਮਾਜ ਪ੍ਰਤੀ ਪਿਆਰ, ਸੇਵਾ ਅਤੇ ਸਮਰਪਣ ਦੀ ਭਾਵਨਾ ਨੂੰ ਦਰਸਾਉਂਦਾ ਹੈ। ਇਸ ਕਾਰਜ ਵਿਚ ਸਹਿਯੋਗ ਦੇਣ ਲਈ ਬਲੱਡ ਬੈਂਕ ਦੇ ਅਧਿਕਾਰੀ ਆਪਣੀ ਬੱਸ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੇ, ਜਿਸ ਕਾਰਨ ਖੂਨ ਦਾਨ ਕਰਨਾ ਹੋਰ ਵੀ ਸੌਖਾ ਹੋ ਗਿਆ। ਇਸ ਕੈਂਪ ਦੌਰਾਨ 25 ਵਿਅਕਤੀਆਂ ਨੇ ਖੂਨ ਦਾਨ ਕੀਤਾ, ਜਿਸ ਨਾਲ 75 ਵਿਅਕਤੀਆਂ ਦੀ ਜਾਨ ਬਚਾਈ ਜਾ ਸਕਦੀ ਹੈ। ਸੇਵਾਦਾਰ ਸੰਸਥਾ ਨਾਲ ਜੁੜੇ ਨੌਜਵਾਨ ਸੇਵਾਦਾਰਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਇਸ ਕੈਂਪ ਨੂੰ ਨੇਪਰੇ ਚਾੜ੍ਹਿਆ।
ਸੇਵਾਦਾਰ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਖੂਨਦਾਨ ਕਰਨ ਵਾਲੇ ਵਿਅਕਤੀਆਂ, ਸੱਚਾ ਮਾਰਗ ਗੁਰਦੁਆਰਾ ਸਾਹਿਬ, ਸੰਗਤ ਤੇ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ:) ਦੇ ਮੈਂਬਰਾਂ ਦਾ ਇਸ ਕੈਂਪ ਵਿਚ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
Blood Donation Camp Organized At Gurdwara Sacha Marg Sahib Auburn