January 14, 2025
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਜਲੰਧਰ 'ਚ ਜਿੱਥੇ ਲੋਕ ਲੋਹੜੀ ਦਾ ਤਿਉਹਾਰ ਮਨਾ ਰਹੇ ਹਨ, ਉੱਥੇ ਹੀ ਆਦਮਪੁਰ ਦੇ ਪਿੰਡ ਪਧਿਆਣਾ 'ਚ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਇੱਥੇ ਏਅਰਫੋਰਸ ਦੇ ਕੋਲ ਸਥਿਤ ਸਕੂਲ ਦੇ ਮੈਦਾਨ ਤੋਂ ਗ੍ਰੇਨੇਡ ਵਰਗੀ ਚੀਜ਼ ਬਰਾਮਦ ਹੋਈ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਦੇ ਨੰਬਰਦਾਰ ਬਲਜੀਤ ਸਿੰਘ ਪਧਿਆਣਾ, ਸਰਪੰਚ ਸਿਮਰਨ ਕੌਰ, ਮਨਜੀਤ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਆਦਮਪੁਰ ਦੋਆਬਾ, ਗੁਰਦੇਵ ਸਿੰਘ ਪੰਚ, ਮਨਮੋਹਨ ਕੁਮਾਰ ਹੈਪੀ, ਪੰਚ ਸੋਨੀਆ ਨੇ ਦੱਸਿਆ ਕਿ ਪਿੰਡ ਦੇ ਸਰਕਾਰੀ ਸਕੂਲ ਦੇ ਪਿੱਛੇ ਟੂਟੀ ਵਾਲੇ ਖੂਹ ਲਾਗੇ ਸ਼ਾਮ 5.30 ਤੋਂ 6 ਵਜੇ ਬੱਚੇ ਖੇਡ ਰਹੇ ਸਨ ਤਾਂ ਉਨ੍ਹਾਂ ’ਚੋਂ ਇਕ 11 ਸਾਲ ਦੇ ਬੱਚੇ ਏਕਮ ਦੀ ਚੱਪਲ ਪਿੰਡ ’ਚ ਘਰਾਂ ਲਾਗੇ ਖਾਲੀ ਪਲਾਟ ’ਚ ਚਲੀ ਗਈ।
ਇਸ ਮਗਰੋਂ ਉਹ ਆਪਣੀ ਚੱਪਲ ਲੈਣ ਲਈ ਗਿਆ ਤਾਂ ਉਥੋਂ ਉਹ ਇਕ ਹੈਂਡ ਗ੍ਰਨੇਡ ਚੱਕ ਕੇ ਲੈ ਆਇਆ ਤੇ ਸਾਰੇ ਬੱਚੇ ਉਸ ਨਾਲ ਖੇਡਣ ਲੱਗ ਪਏ। ਪਿੰਡ ਦੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਬੱਚੇ ਬੰਬ ਵਰਗੀ ਕਿਸੇ ਚੀਜ਼ ਨਾਲ ਖੇਡ ਰਹੇ ਹਨ ਤਾਂ ਉਨ੍ਹਾਂ ਦੇਖਿਆ ਕਿ ਉਹ ਇਕ ਹੈਂਡ ਗ੍ਰਨੇਡ (ਬੰਬ) ਸੀ, ਜਿਸ ਨੂੰ ਜ਼ੰਗ ਲੱਗਾ ਹੋਇਆ ਸੀ।
ਉਨ੍ਹਾਂ ਨੇ ਬੱਚਿਆਂ ਤੋਂ ਇਹ ਹੈਂਡ ਗ੍ਰਨੇਡ ਆਪਣੇ ਕਬਜ਼ੇ ’ਚ ਲੈ ਕੇ ਪਿੰਡ ’ਚ ਸਾਈਡ ’ਤੇ ਆਦਮਪੁਰ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਡੀ.ਐੱਸ.ਪੀ. ਆਦਮਪੁਰ ਕੁਲਵੰਤ ਸਿੰਘ ਤੇ ਥਾਣਾ ਮੁਖੀ ਆਦਮਪੁਰ ਇੰਸਪੈਕਟਰ ਰਵਿੰਦਰਪਾਲ ਸਿੰਘ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ।
ਪੁਲਿਸ ਵੱਲੋਂ ਬੰਬ ਨਿਰੋਧਕ ਟੀਮ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਬਾਰੇ ਐਸਐਸਪੀ ਹਰਕਮਲ ਸਿੰਘ ਖੱਖ ਨੇ ਦੱਸਿਆ ਕਿ ਬੰਬ ਵਰਗੀ ਚੀਜ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੰਬ ਸਕੁਐਡ ਦੀ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇਹ ਗ੍ਰਨੇਡ ਹੈ ਜਾਂ ਕੁਝ ਹੋਰ।
Jalandhar Children Playing Found A Grenade like Object In The School Grounds Panic Among The People Police Involved In The Investigation