March 10, 2026
Punjabਖੰਨਾ ਰੈਲੀ 'ਚ ਸੁਖਬੀਰ ਬਾਦਲ ਦਾ ਵੱਡਾ ਐਲਾਨ: ਅਕਾਲੀ ਦਲ ਦੀ ਸਰਕਾਰ ਬਣਨ 'ਤੇ ਖੰਨਾ ਤੇ ਜਗਰਾਓਂ ਬਣਨਗੇ ਨਵੇਂ ਜ਼ਿਲ੍ਹੇ
ਖੰਨਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਖੰਨਾ ਦੀ ਦਾਣਾ ਮੰਡੀ ਵਿਖੇ ਹੋਈ ਵਿਸ਼ਾਲ 'ਪੰਜਾਬ ਬਚਾਓ' ਰੈਲੀ ਦੌਰਾਨ ਸੂਬੇ ਦੀ ਮੌਜੂਦਾ 'ਆਪ' ਸਰਕਾਰ ਵਿਰੁੱਧ ਜੰਗੀ ਬਿਗਲ ਵਜਾ ਦਿੱਤਾ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਕਈ ਵੱਡੇ ਵਾਅਦੇ ਕੀਤੇ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਿੱਧੇ ਨਿਸ਼ਾਨੇ ਸਾਧੇ।
ਸੱਤਾ 'ਚ ਆਉਣ 'ਤੇ ਕੀਤੇ ਜਾਣ ਵਾਲੇ ਮੁੱਖ ਕਾਰਜ:
ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਸੱਤਾ ਸੌਂਪਦੇ ਹਨ ਤਾਂ:
ਨਵੇਂ ਜ਼ਿਲ੍ਹੇ: ਖੰਨਾ ਅਤੇ ਜਗਰਾਓਂ ਨੂੰ ਪੂਰਨ ਤੌਰ 'ਤੇ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਵੇਗਾ।
ਸਿੱਖਿਆ ਤੇ ਸਿਹਤ: ਹਰ ਜ਼ਿਲ੍ਹੇ ਵਿੱਚ ਮੈਡੀਕਲ ਅਤੇ ਵੈਟਨਰੀ ਕਾਲਜ ਸਥਾਪਤ ਕੀਤੇ ਜਾਣਗੇ।
ਸਮਾਜਿਕ ਸੁਰੱਖਿਆ: ਬਜ਼ੁਰਗਾਂ ਦੀ ਪੈਨਸ਼ਨ ਵਧਾ ਕੇ 3100 ਰੁਪਏ ਮਹੀਨਾਵਾਰ ਕੀਤੀ ਜਾਵੇਗੀ।
ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ 'ਤੇ ਤਿੱਖੀ ਬਿਆਨਬਾਜ਼ੀ
ਭਗਵੰਤ ਮਾਨ ਵੱਲੋਂ ਅਕਾਲੀ ਦਲ ਦੀ ਕਮੇਟੀ 'ਤੇ ਕੀਤੇ ਗਏ ਤੰਜ਼ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਭਵਿੱਖਬਾਣੀ ਕੀਤੀ, "ਆਉਣ ਵਾਲੇ ਚਾਰ ਮਹੀਨਿਆਂ ਵਿੱਚ ਮਾਨ ਸਾਬ੍ਹ ਨੂੰ ਆਪਣੀ ਪਾਰਟੀ ਲਈ 11 ਬੰਦੇ ਵੀ ਨਹੀਂ ਲੱਭਣੇ।" ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਵਾਗਡੋਰ ਭਗਵੰਤ ਮਾਨ ਦੇ ਹੱਥ ਵਿੱਚ ਨਹੀਂ, ਸਗੋਂ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਸਰਕਾਰ ਚਲਾ ਰਹੇ ਹਨ। ਉਨ੍ਹਾਂ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇੱਕ ਖ਼ਾਸ ਮੰਤਰੀ ਰਾਹੀਂ ਪੰਜਾਬ ਦੇ ਵਪਾਰੀਆਂ ਤੋਂ ਹਰ ਮਹੀਨੇ ਕਰੋੜਾਂ ਰੁਪਏ ਦੀ ਜਬਰੀ ਵਸੂਲੀ ਕੀਤੀ ਜਾ ਰਹੀ ਹੈ।
ਆੜ੍ਹਤੀਆਂ ਦੇ ਹੱਕ ਵਿੱਚ ਡਟੇ ਸੁਖਬੀਰ
ਖੰਨਾ ਮੰਡੀ ਵਿਖੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਦਾ ਜ਼ਿਕਰ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਆੜ੍ਹਤ ਢਾਈ ਫੀਸਦੀ ਹੁੰਦੀ ਸੀ, ਜਿਸ ਨੂੰ ਮੌਜੂਦਾ ਸਰਕਾਰ ਨੇ ਘਟਾ ਕੇ ਡੇਢ ਫੀਸਦੀ ਕਰ ਦਿੱਤਾ ਹੈ। ਉਨ੍ਹਾਂ ਆੜ੍ਹਤੀਆਂ ਨੂੰ EPF ਦੇ ਘੇਰੇ ਵਿੱਚ ਲਿਆਉਣ ਦੇ ਫੈਸਲੇ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਇਸ ਦਾ ਸਖ਼ਤ ਵਿਰੋਧ ਕਰਨ ਦਾ ਭਰੋਸਾ ਦਿੱਤਾ।
ਦਿੱਲੀ ਦੇ ਨੇਤਾਵਾਂ 'ਤੇ ਨਿਸ਼ਾਨਾ
ਰਾਹੁਲ ਗਾਂਧੀ ਅਤੇ ਹੋਰ ਕੇਂਦਰੀ ਨੇਤਾਵਾਂ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦੇ ਆਗੂਆਂ ਦੇ ਦਿਲ ਵਿੱਚ ਪੰਜਾਬ ਲਈ ਕਦੇ ਵੀ ਦਰਦ ਨਹੀਂ ਹੋ ਸਕਦਾ। ਉਨ੍ਹਾਂ ਹਲਕਾ ਖੰਨਾ ਤੋਂ ਯਾਦਵਿੰਦਰ ਸਿੰਘ ਯਾਦੂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਹੀ ਸੂਬੇ ਵਿੱਚ ਵਿਕਾਸ ਦੀ ਲਹਿਰ ਮੁੜ ਸ਼ੁਰੂ ਕਰ ਸਕਦੀ ਹੈ।
Sukhbir Badal s Big Announcement In Khanna Rally Khanna And Jagraon Will Be Formed As New Districts If Akali Dal Government Is Formed