April 27, 2026
ਮੁਅੱਤਲ ਡੀ.ਆਈ.ਜੀ. ਭੁੱਲਰ ਦੀਆਂ ਵਧੀਆਂ ਮੁਸ਼ਕਲਾਂ, ਘਰ ਤੇ ਫ਼ਾਰਮ ਹਾਊਸ ’ਤੇ ED ਵਲੋਂ ਛਾਪੇਮਾਰੀ
ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉਸਦੇ ਚੰਡੀਗੜ੍ਹ ਸਥਿਤ ਘਰ ‘ਤੇ ਛਾਪਾ ਮਾਰਿਆ ਹੈ। ਈਡੀ ਉਸ ਵਿਰੁੱਧ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ)2002 ਤਹਿਤ ਤਲਾਸ਼ੀ ਲੈ ਰਹੀ ਹੈ।
ਈਡੀ ਨੇ ਪੀਐਮਐਲਏ ਦੀ ਧਾਰਾ17 ਤਹਿਤ ਕੁੱਲ11 ਥਾਵਾਂ ‘ਤੇ ਛਾਪੇ ਮਾਰੇ ਹਨ। ਇਨ੍ਹਾਂ ਵਿੱਚ ਚੰਡੀਗੜ੍ਹ ਵਿੱਚ2, ਲੁਧਿਆਣਾ ਜ਼ਿਲ੍ਹੇ ਵਿੱਚ5, ਪਟਿਆਲਾ ਵਿੱਚ2, ਨਾਭਾ ਵਿੱਚ1 ਅਤੇ ਜਲੰਧਰ ਵਿੱਚ1 ਥਾਂ ਸ਼ਾਮਲ ਹੈ। ਇਹ ਸਥਾਨ ਭੁੱਲਰ, ਉਸਦੇ ਸਾਥੀਆਂ ਅਤੇ ਬੇਨਾਮੀ ਵਿਅਕਤੀਆਂ ਨਾਲ ਜੁੜੇ ਹੋਏ ਹਨ। ਤਲਾਸ਼ੀ ਦਾ ਮੁੱਖ ਉਦੇਸ਼ ਅਪਰਾਧਕ ਗਤੀਵਿਧੀਆਂ ਤੋਂ ਹਾਸਲ ਕੀਤੀ ਰਕਮ, ਬੇਨਾਮੀ ਜਾਇਦਾਦਾਂ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਸਬੂਤ ਇਕੱਠੇ ਕਰਨਾ ਹੈ। ਜਾਂਚ ਅਜੇ ਵੀ ਜਾਰੀ ਹੈ।
ਵੱਡੀ ਮਾਤਰਾ ਵਿੱਚ ਨਕਦੀ ਅਤੇ ਕੀਮਤੀ ਸਮਾਨ ਮਿਲਿਆ ਸੀ
ਇਸ ਤੋਂ ਪਹਿਲਾਂ ਸੀਬੀਆਈ ਵੱਲੋਂ ਕੀਤੀਆਂ ਤਲਾਸ਼ੀਆਂ ਵਿੱਚ ਭੁੱਲਰ ਦੇ ਚੰਡੀਗੜ੍ਹ ਘਰ ਅਤੇ ਫਾਰਮ ਹਾਊਸ ਤੋਂ ਵੱਡੀ ਮਾਤਰਾ ਵਿੱਚ ਨਕਦੀ ਅਤੇ ਕੀਮਤੀ ਸਮਾਨ ਬਰਾਮਦ ਕੀਤਾ ਗਿਆ ਸੀ। ਬਰਾਮਦਗੀ ਵਿੱਚ ਲਗਭਗ7.36 ਕਰੋੜ ਰੁਪਏ ਦੀ ਨਕਦੀ, 2.5 ਕਿਲੋਗ੍ਰਾਮ ਸੋਨਾ, ਚਾਂਦੀ ਦੇ ਗਹਿਣੇ (ਲਗਭਗ2.32 ਕਰੋੜ ਰੁਪਏ ਦੀ ਕੀਮਤ), 26 ਲਗਜ਼ਰੀ ਘੜੀਆਂ (ਰੋਲੇਕਸ ਅਤੇ ਰਾਡੋ ਬ੍ਰਾਂਡ), 50 ਤੋਂ ਵੱਧ ਅਚੱਲ ਜਾਇਦਾਦਾਂ ਦੇ ਦਸਤਾਵੇਜ਼, ਮਰਸੀਡੀਜ਼ ਅਤੇ ਔਡੀ ਵਰਗੀਆਂ ਲਗਜ਼ਰੀ ਕਾਰਾਂ, ਚਾਰ ਹਥਿਆਰ ਅਤੇ108 ਬੋਤਲਾਂ ਵਿਦੇਸ਼ੀ ਸ਼ਰਾਬ ਸ਼ਾਮਲ ਹਨ।
ਦੋ ਦਿਨ ਪਹਿਲਾਂ ਯਾਨੀ25 ਅਪ੍ਰੈਲ2026 ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਨੇ ਸੀਬੀਆਈ ਨੂੰ ਅਣਪਛਾਤੇ ਸਰਕਾਰੀ ਅਧਿਕਾਰੀਆਂ ਅਤੇ ਵਿਚੋਲਿਆਂ ਵਿਰੁੱਧ ਨਵੀਂ ਮੁੱਢਲੀ ਜਾਂਚ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਜਾਂਚ ਵਿੱਚ ਪੰਜਾਬ ਦੇ ਕਈ ਹੋਰ ਸੀਨੀਅਰ ਆਈਏਐਸ ਅਤੇ ਆਈਪੀਐਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੀਬੀਆਈ ਨੇ ਇੱਕ ਡਾਇਰੀ ਅਤੇ ਇਲੈਕਟ੍ਰਾਨਿਕ ਸਬੂਤ ਬਰਾਮਦ ਕੀਤੇ ਹਨ ਜੋ ਇੱਕ ਵੱਡੇ ਸੰਗਠਿਤ ਭ੍ਰਿਸ਼ਟਾਚਾਰ ਨੈੱਟਵਰਕ ਵੱਲ ਇਸ਼ਾਰਾ ਕਰਦੇ ਹਨ।
ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ16 ਅਕਤੂਬਰ2025 ਨੂੰ ਮੋਹਾਲੀ ਸਥਿਤ ਉਸਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸਨੂੰ ਇੱਕ ਸਕ੍ਰੈਪ ਡੀਲਰ ਆਕਾਸ਼ ਬੱਟਾ ਤੋਂ8 ਲੱਖ ਰੁਪਏ ਦੀ ਰਿਸ਼ਵਤ ਮੰਗਦੇ ਅਤੇ5 ਲੱਖ ਰੁਪਏ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਸੀ। ਉਸ ‘ਤੇ ਇਲਜ਼ਾਮ ਹੈ ਕਿ ਉਹ2023 ਵਿੱਚ ਉਸ ਵਿਅਕਤੀ ਵਿਰੁੱਧ ਦਰਜ ਇੱਕ ਪੁਰਾਣੀ ਐਫਆਈਆਰ ਨੂੰ ਨਿਪਟਾਉਣ ਅਤੇ ਭਵਿੱਖ ਵਿੱਚ ਸੁਰੱਖਿਆ ਦੇਣ ਦੇ ਬਦਲੇ ਮਹੀਨਾਵਾਰ ਰਿਸ਼ਵਤ (ਸੇਵਾ-ਪਾਣੀ) ਲੈ ਰਿਹਾ ਸੀ। ਇਸ ਮਾਮਲੇ ਵਿੱਚ ਉਸ ਵਿਰੁੱਧ ਭਾਰਤੀ ਦੰਡਾਵਲੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਐਕਟ1988 ਤਹਿਤ ਕੇਸ ਦਰਜ ਕੀਤਾ ਗਿਆ ਹੈ।
Suspended dig bhullars