August 1, 2024
Admin / National
ਨੈਸ਼ਨਲ ਡੈਸਕ : ਭਾਰੀ ਮੀਂਹ ਕਾਰਨ ਰੁਦਰਪ੍ਰਯਾਗ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਵੀਰਵਾਰ ਨੂੰ ਆਪਣੀ ਕੇਦਾਰਨਾਥ ਯਾਤਰਾ ਮੁਲਤਵੀ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਉੱਤਰਾਖੰਡ ਵਿਚ ਬੁੱਧਵਾਰ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਥਾਵਾਂ 'ਤੇ ਬਾਰਿਸ਼ ਨਾਲ ਜੁੜੀਆਂ ਘਟਨਾਵਾਂ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 6 ਹੋਰ ਜ਼ਖਮੀ ਹੋ ਗਏ।ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੂਬੇ ਵਿਚ ਬਰਸਾਤ ਕਾਰਨ ਵਿਗੜੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਅਤੇ ਬਾਹਰੋਂ ਆਉਣ ਵਾਲੇ ਯਾਤਰੀਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਬਚਾਅ ਟੀਮਾਂ ਨੇ ਪ੍ਰਭਾਵਿਤ ਥਾਵਾਂ 'ਤੇ ਰਾਤ ਭਰ ਮੁਹਿੰਮ ਚਲਾਈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ।
ਕੇਦਾਰਨਾਥ ਫੁੱਟਪਾਥ 'ਤੇ ਫਸੇ ਸ਼ਰਧਾਲੂਆਂ ਨੂੰ SDRF ਦੁਆਰਾ ਬਚਾ ਕੇ ਐਮਰਜੈਂਸੀ ਹੈਲੀਪੈਡ 'ਤੇ ਲਿਆਂਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਤੋਂ ਹੋਰ ਸਹਿ ਯਾਤਰੀਆਂ ਦੀ ਜਾਣਕਾਰੀ ਲੈ ਕੇ ਉਨ੍ਹਾਂ ਨੂੰ ਵੀ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਦੇਹਰਾਦੂਨ ਦੇ ਸੀਨੀਅਰ ਪੁਲਸ ਸੁਪਰਡੈਂਟ ਅਜੇ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ ਰਾਏਪੁਰ ਇਲਾਕੇ ਵਿਚ ਦੋ ਵਿਅਕਤੀ ਨਹਿਰ 'ਚ ਡੁੱਬ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਇਨ੍ਹਾਂ ਦੀ ਪਛਾਣ ਸੁੰਦਰ ਸਿੰਘ ਅਤੇ ਅਰਜੁਨ ਸਿੰਘ ਰਾਣਾ ਵਜੋਂ ਹੋਈ ਹੈ।ਮੌਸਮ ਵਿਗਿਆਨ ਕੇਂਦਰ ਦੇਹਰਾਦੂਨ ਵੱਲੋਂ ਜਾਰੀ ਪੂਰਵ ਅਨੁਮਾਨ ਅਨੁਸਾਰ ਅੱਜ 1 ਅਗਸਤ ਨੂੰ ਰਾਜ ਦੇ ਨੈਨੀਤਾਲ, ਊਧਮ ਸਿੰਘ ਨਗਰ ਅਤੇ ਚੰਪਾਵਤ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਭਾਰੀ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਉਥੇ ਹੀ ਦੇਹਰਾਦੂਨ, ਪੌੜੀ, ਟਿਹਰੀ ਅਤੇ ਹਰਿਦੁਆਰ 'ਚ ਵੀ ਭਾਰੀ ਬਾਰਿਸ਼ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
Eight People Died Due To Heavy Rain In Uttarakhand Advised To Postpone Kedarnath Yatra