December 13, 2025
GurdaspurGurdaspur ‘ਚ ਸਾਬਕਾ ਫੌਜੀ ਦੇ ਘਰ ‘ਤੇ ਅਣਪਛਾਤਿਆਂ ਵੱਲੋਂ ਫਾਇਰਿੰਗ, ਇਲਾਕੇ ‘ਚ ਦਹਿਸ਼ਤ
Live Punjabi TV Bureau
ਗੁਰਦਾਸਪੁਰ, 13 ਦਸੰਬਰ 2025 : ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਜਾਗੋਵਾਲ ਬਾਂਗਰ ਵਿੱਚ ਬੀਤੀ ਰਾਤ ਦਹਿਸ਼ਤ ਫੈਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਰਾਤ ਕਰੀਬ 10 ਵਜੇ ਦੋ ਅਣਪਛਾਤੇ ਨੌਜਵਾਨ, ਜੋ ਆਪਣੇ ਮੂੰਹ ਢੱਕ ਕੇ ਆਏ ਹੋਏ ਸਨ, ਨੇ ਸਾਬਕਾ ਫੌਜੀ ਮਾਧਾ ਸਿੰਘ ਦੇ ਘਰ ਦੇ ਮੁੱਖ ਗੇਟ ‘ਤੇ ਗੋਲੀ ਚਲਾ ਦਿੱਤੀ।
ਪਰਿਵਾਰਕ ਮੈਂਬਰਾਂ ਮੁਤਾਬਕ, ਹਮਲਾਵਰਾਂ ਨੇ ਘਰ ਦੇ ਨੌਜਵਾਨ ਜਸਪਾਲ ਸਿੰਘ ਭੱਟੀ ਦਾ ਨਾਮ ਲੈ ਕੇ ਉਸਨੂੰ ਬਾਹਰ ਆਉਣ ਲਈ ਲਲਕਾਰਿਆ ਅਤੇ ਨਾਲ ਹੀ ਗਾਲੀ-ਗਲੋਚ ਵੀ ਕੀਤੀ। ਘਟਨਾ ਵੇਲੇ ਘਰ ਅੰਦਰ ਮੌਜੂਦ ਪੋਤਰੇ ਨੇ ਸਭ ਤੋਂ ਪਹਿਲਾਂ ਬਾਹਰ ਸ਼ੋਰ ਸੁਣਿਆ ਅਤੇ ਪਰਿਵਾਰ ਨੂੰ ਸੂਚਿਤ ਕੀਤਾ।
ਪਰਿਵਾਰ ਨੇ ਦੱਸਿਆ ਕਿ ਇਕ ਹਮਲਾਵਰ ਵੱਲੋਂ ਘਰ ‘ਤੇ ਗੋਲੀ ਚਲਾਈ ਗਈ, ਜਦਕਿ ਦੂਜੇ ਹਮਲਾਵਰ ਦਾ ਪਿਸਤੌਲ ਮੌਕੇ ‘ਤੇ ਫਾਇਰ ਨਾ ਹੋ ਸਕਿਆ। ਇਸ ਸਾਰੀ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹਮਲਾਵਰਾਂ ਦੇ ਹੱਥੋਂ ਅਸਲਾ ਥੱਲੇ ਡਿੱਗ ਜਾਂਦਾ ਹੈ, ਜਿਸਨੂੰ ਉਹ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ।
ਜਸਪਾਲ ਸਿੰਘ ਨੇ ਦੱਸਿਆ ਕਿ ਉਹ ਇੱਕ ਨਿੱਜੀ ਖੰਡ ਮਿਲ ਵਿੱਚ ਕੰਮ ਕਰਦਾ ਹੈ ਅਤੇ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਉਸਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਮਿਲੀ ਸੀ। ਘਟਨਾ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਸੂਚਨਾ ਮਿਲਦੇ ਹੀ ਥਾਣਾ ਕਾਹਨੂੰਵਾਨ ਦੇ ਮੁਖੀ ਗੁਰਨਾਮ ਸਿੰਘ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਇਲਾਕੇ ‘ਚ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਿਸ ਵੱਲੋਂ CCTV ਫੁਟੇਜ ਦੇ ਆਧਾਰ ‘ਤੇ ਜਾਂਚ ਅੱਗੇ ਵਧਾਈ ਜਾ ਰਹੀ ਹੈ।
ਇਸ ਘਟਨਾ ਤੋਂ ਬਾਅਦ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਅਤੇ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।
Firing By Unknown Persons At The House Of An Ex serviceman In Gurdaspur Terror In The Area