February 12, 2026
Punjabਲੁਧਿਆਣਾ ਪੁਲਿਸ ਦੀ ਸਖ਼ਤੀ: ਹਥਿਆਰਾਂ ਦੀ ਨੁਮਾਇਸ਼ ਅਤੇ ਭੜਕਾਊ ਗਾਣਿਆਂ 'ਤੇ ਮੁਕੰਮਲ ਪਾਬੰਦੀ
ਲੁਧਿਆਣਾ, 12 ਫਰਵਰੀ 2026
ਲੁਧਿਆਣਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਨੌਜਵਾਨੀ ਵਿੱਚ ਵਧ ਰਹੇ ਗੈਂਗਸਟਰ ਕਲਚਰ ਨੂੰ ਨੱਥ ਪਾਉਣ ਲਈ ਲੁਧਿਆਣਾ ਪੁਲਿਸ ਨੇ ਵੱਡਾ ਕਦਮ ਚੁੱਕਿਆ ਹੈ। ਐਡੀਸ਼ਨਲ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ (IPS) ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਹੁਕਮ ਜਾਰੀ ਕਰਦਿਆਂ ਹਥਿਆਰਾਂ ਦੀ ਜਨਤਕ ਅਤੇ ਸੋਸ਼ਲ ਮੀਡੀਆ 'ਤੇ ਪ੍ਰਦਰਸ਼ਨੀ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।
ਸੋਸ਼ਲ ਮੀਡੀਆ 'ਤੇ ਰਹੇਗੀ ਤਿੱਖੀ ਨਜ਼ਰ
ਹੁਣ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਲੈਸ ਹੋ ਕੇ ਫੋਟੋਆਂ ਜਾਂ ਵੀਡੀਓਜ਼ ਸਾਂਝੀਆਂ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ ਹਿੰਸਾ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣਿਆਂ 'ਤੇ ਵੀ ਰੋਕ ਲਗਾਈ ਗਈ ਹੈ। ਜੇਕਰ ਕੋਈ ਹਥਿਆਰਾਂ ਰਾਹੀਂ ਕਿਸੇ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਵਿਰੁੱਧ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸਮਾਗਮਾਂ ਵਿੱਚ ਹਥਿਆਰਾਂ ਦੀ ਮਨਾਹੀ
ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਵਿਆਹਾਂ, ਧਾਰਮਿਕ ਸਥਾਨਾਂ ਜਾਂ ਕਿਸੇ ਵੀ ਜਨਤਕ ਇਕੱਠ ਵਿੱਚ ਹਥਿਆਰ ਲੈ ਕੇ ਜਾਣਾ ਅਤੇ ਉਨ੍ਹਾਂ ਦਾ ਦਿਖਾਵਾ ਕਰਨਾ ਹੁਣ ਅਪਰਾਧ ਦੀ ਸ਼੍ਰੇਣੀ ਵਿੱਚ ਆਵੇਗਾ। ਇਸ ਦੇ ਨਾਲ ਹੀ ਸਮਾਜ ਵਿੱਚ ਨਫ਼ਰਤ ਫੈਲਾਉਣ ਵਾਲੀ ਬਿਆਨਬਾਜ਼ੀ (Hate Speech) ਕਰਨ ਵਾਲਿਆਂ ਵਿਰੁੱਧ ਵੀ ਸ਼ਿਕੰਜਾ ਕੱਸ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।
Ludhiana Police Strictness Complete Ban On Display Of Weapons And Provocative Songs