August 6, 2024
Admin / Punjab
ਸਟੇਟ ਡੈਸਕ : ਜਗਰਾਓਂ ਵਿਚ ਮੰਗਲਵਾਰ ਸਵੇਰੇ ਬੱਚਿਆਂ ਨੂੰ ਘਰ ਤੋਂ ਸਕੂਲ ਲੈ ਕੇ ਜਾ ਰਹੀ ਇਕ ਨਿੱਜੀ ਸਕੂਲ ਦੀ ਤੇਜ਼ ਰਫਤਾਰ ਵੈਨ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿਚ ਇਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕਈ ਬੱਚੇ ਜ਼ਖਮੀ ਹੋ ਗਏ। ਮ੍ਰਿਤਕ ਬੱਚਾ ਪਿੰਡ ਅਖਾੜਾ ਦਾ ਰਹਿਣ ਵਾਲਾ ਹੈ। ਸਕੂਲ ਵੈਨ ਦੇ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮਾਪਿਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ 'ਤੇ ਤਣਾਅ ਵਧ ਗਿਆ। ਗੁੱਸੇ ਵਿਚ ਆਏ ਲੋਕਾਂ ਨੇ ਸਕੂਲ ਵੈਨ ਨੂੰ ਅੱਗ ਲਾਉਣ ਦੀ ਗੱਲ ਕਰਨ ਲੱਗੇ ਪਰ ਪੁਲਿਸ ਨੇ ਸਾਰਿਆਂ ਨੂੰ ਸ਼ਾਂਤ ਕਰ ਦਿੱਤਾ। ਇਸ ਮਗਰੋਂ ਲੋਕਾਂ ਨੇ ਸੜਕ ’ਤੇ ਧਰਨਾ ਲਾ ਦਿੱਤਾ।
ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਪਿੰਡ ਅਖਾੜਾ ਅਤੇ ਹੋਰ ਪਿੰਡਾਂ ਤੋਂ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਤੇਜ਼ ਰਫਤਾਰ ਵੈਨ ਰਾਏਕੋਟ ਰੋਡ 'ਤੇ ਦਰੱਖਤ ਨਾਲ ਟਕਰਾ ਗਈ। ਗੱਡੀ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਪੂਰੀ ਵੈਨ ਚਕਨਾਚੂਰ ਹੋ ਗਈ ਅਤੇ ਇਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਘਬਰਾ ਕੇ ਬੱਚੇ ਉੱਚੀ-ਉੱਚੀ ਰੋਣ ਲੱਗੇ। ਹਾਦਸੇ 'ਚ ਤਿੰਨ ਬੱਚੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਦਸੇ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਬੱਚਿਆਂ ਦੇ ਰਿਸ਼ਤੇਦਾਰ ਮੌਕੇ 'ਤੇ ਪਹੁੰਚ ਗਏ ਅਤੇ ਬੱਚਿਆਂ ਨੂੰ ਚੁੱਕ ਕੇ ਲੈ ਗਏ। ਪਿੰਡ ਅਖਾੜਾ ਦੇ ਲੋਕ ਆਪਣੇ ਪਿੰਡ ਦੇ ਬੱਚੇ ਦੀ ਲਾਸ਼ ਦੇਖ ਕੇ ਗੁੱਸੇ 'ਚ ਆ ਗਏ। ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਕੁਝ ਲੋਕਾਂ ਨੇ ਵੈਨ ਨੂੰ ਅੱਗ ਲਾਉਣ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਅਤੇ ਹੋਰ ਲੋਕਾਂ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ। ਇਸ ਮਗਰੋਂ ਪਿੰਡ ਵਾਸੀਆਂ ਨੇ ਸੜਕ ’ਤੇ ਧਰਨਾ ਲਾ ਦਿੱਤਾ, ਜਿਸ ਕਾਰਨ ਦੋ ਕਿਲੋਮੀਟਰ ਤੱਕ ਜਾਮ ਲੱਗ ਗਿਆ। ਹਾਦਸੇ ਵਿੱਚ ਜ਼ਖ਼ਮੀ ਹੋਏ ਬੱਚੇ ਰਾਏਕੋਟ ਰੋਡ ’ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹਨ।
School Van Collided With A Tree One Child Died Angry People Set Up A Jam