August 1, 2024
Admin / International
ਇੰਟਰਨੈਸ਼ਨਲ ਡੈਸਕ :ਪੈਂਟਾਗਨ ਨੇ ਬੁੱਧਵਾਰ ਨੂੰ ਦੱਸਿਆ ਕਿ ਅਮਰੀਕੀ ਵਕੀਲਾਂ ਨੇ 9/11 ਦੇ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ ਨਾਲ ਸਮਝੌਤਾ ਕੀਤਾ। ਇਸ ਸਮਝੌਤੇ ਤਹਿਤ ਅਮਰੀਕਾ ਮਾਸਟਰਮਾਈਂਡ ਖਾਲਿਦ ਸ਼ੇਖ ਵੱਲੋਂ ਦੋਸ਼ ਸਵੀਕਾਰ ਕਰਨ 'ਤੇ ਮੌਤ ਦੀ ਸਜ਼ਾ ਨੂੰ ਖਤਮ ਕਰਨ ਲਈ ਤਿਆਰ ਹੈ। ਇਹ ਸਮਝੌਤਾ ਲੰਬੇ ਸਮੇਂ ਤੋਂ ਲਟਕ ਰਹੇ ਮਾਮਲਿਆਂ ਦੇ ਨਿਪਟਾਰੇ ਲਈ ਕੀਤਾ ਗਿਆ। ਪੈਂਟਾਗਨ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਪ੍ਰਸਤਾਵ ਨਾਲ ਜੁੜੀ ਕੋਈ ਵੀ ਜਾਣਕਾਰੀ ਫਿਲਹਾਲ ਜਨਤਕ ਨਹੀਂ ਕੀਤੀ ਜਾਵੇਗੀ।
ਪਿਛਲੇ ਸਾਲ ਵੀ ਅਜਿਹਾ ਹੀ ਪ੍ਰਸਤਾਵ ਰੱਖਿਆ ਗਿਆ ਸੀ ਪਰ 11 ਸਤੰਬਰ 2001 ਦੇ ਦੁਖਾਂਤ ਵਿੱਚ ਮਾਰੇ ਗਏ ਕਰੀਬ 3000 ਲੋਕਾਂ ਦੇ ਪਰਿਵਾਰਾਂ ਦਾ ਮੰਨਣਾ ਸੀ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਹਾਲਾਂਕਿ ਖਾਲਿਦ ਸ਼ੇਖ ਅਤੇ ਦੋ ਹੋਰ ਦੋਸ਼ੀਆਂ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਾਮਲਿਆਂ ਨੂੰ ਨਿਪਟਾਉਣ ਲਈ ਇਹ ਸਮਝੌਤਾ ਕੀਤਾ ਗਿਆ ਹੈ। ਉਹ ਕਈ ਸਾਲਾਂ ਤੱਕ ਕਿਊਬਾ ਦੇ ਗਵਾਂਟਾਨਾਮੋ ਬੇ ਮਿਲਟਰੀ ਅੱਡੇ 'ਤੇ ਕੈਦ ਰਿਹਾ।
ਖਾਲਿਦ ਸ਼ੇਖ ਨੇ ਕਿਹਾ ਕਿ ਉਹ 9/11 ਹਮਲੇ ਦਾ ਮਾਸਟਰਮਾਈਂਡ ਸੀ। ਇਸ ਤੋਂ ਇਲਾਵਾ ਉਹ ਅਮਰੀਕਾ ਵਿਰੁੱਧ ਕਈ ਸਾਜ਼ਿਸ਼ਾਂ ਵਿਚ ਵੀ ਸ਼ਾਮਲ ਸੀ। ਦੱਸਣਯੋਗ ਹੈ ਕਿ ਉਸਨੇ ਆਪਣੀ ਪੜ੍ਹਾਈ ਅਮਰੀਕਨ ਯੂਨੀਵਰਸਿਟੀ ਤੋਂ ਪੂਰੀ ਕੀਤੀ ਸੀ। ਟਵਿਨ ਟਾਵਰ ਨੂੰ ਡੇਗਣ ਦੀ ਯੋਜਨਾ ਤੋਂ ਇਲਾਵਾ ਖਾਲਿਦ ਸ਼ੇਖ ਨੇ 2002 ਵਿਚ ਅਮਰੀਕੀ ਪੱਤਰਕਾਰ ਡੇਨੀਅਲ ਪਰਲ ਦਾ ਸਿਰ ਕਲਮ ਕਰਨ ਦਾ ਵੀ ਦਾਅਵਾ ਕੀਤਾ ਸੀ। ਇਸ ਤੋਂ ਇਲਾਵਾ 1993 'ਚ ਉਸ ਨੇ ਵਰਲਡ ਟਰੇਡ ਸੈਂਟਰ 'ਤੇ ਵੀ ਬੰਬ ਧਮਾਕਾ ਕੀਤਾ ਸੀ, ਜਿਸ 'ਚ 6 ਲੋਕ ਮਾਰੇ ਗਏ ਸਨ।
America Made An Agreement With The Mastermind Of 9 11 Ready To Abolish The Death Penalty