October 30, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਅੱਜ ਸਵੇਰੇ ਦੀਨਾਨਗਰ ਤੋਂ ਬਹਿਰਾਮਪੁਰ ਰੋਡ 'ਤੇ ਸਥਿਤ ਪਿੰਡ ਰਾਮਪੁਰ ਨੇੜੇ ਇਕ ਤੇਜ਼ ਰਫਤਾਰ ਕ੍ਰੇਟਾ ਗੱਡੀ ਨੇ ਬੇਕਾਬੂ ਹੋ ਕੇ ਦੋ ਔਰਤਾਂ ਅਤੇ ਇਕ ਛੋਟੀ ਬੱਚੀ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਦੋ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 8 ਸਾਲਾ ਬੱਚੀ ਆਰਵੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚੀ ਆਪਣੇ ਮਾਪਿਆਂ ਦੀ ਇਕਲੌਤੀ ਬੇਟੀ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਬਹਿਰਾਮਪੁਰ ਓਮਕਾਰ ਸਿੰਘ ਨੇ ਦੱਸਿਆ ਕਿ ਦੀਨਾਨਗਰ ਸਾਈਡ ਤੋਂ ਇਕ ਕਾਲੇ ਰੰਗ ਦੀ ਕ੍ਰੇਟਾ ਗੱਡੀ ਪੀ.ਬੀ. 35 ਏ.ਜੇ.9000 ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਜਦੋਂ ਉਹ ਰਾਮਪੁਰ ਨੇੜੇ ਪਹੁੰਚੀ ਤਾਂ ਕਾਰ ਅਚਾਨਕ ਆਪਣਾ ਸੰਤੁਲਨ ਗੁਆ ਬੈਠੀ। ਇਸ ਦੌਰਾਨ ਪਿੰਡ ਦੀਨਾਨਗਰ ਦੀ ਇਕ ਔਰਤ ਜੋ ਕਿ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਆਪਣੀ ਪੋਤੀ ਨਾਲ ਸਕੂਲ ਬੱਸ ਦੀ ਉਡੀਕ ਕਰ ਰਹੀ ਸੀ, ਨੂੰ ਪਿੰਡ ਦੇ ਬਾਹਰ ਮੁੱਖ ਸੜਕ ’ਤੇ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਇਸੇ ਵਾਹਨ ਨੇ ਅੱਗੇ ਜਾ ਕੇ ਸਕੂਟਰ ਸਵਾਰ ਇੱਕ ਪ੍ਰਾਈਵੇਟ ਸਕੂਲ ਦੇ ਅਧਿਆਪਕ ਨੂੰ ਟੱਕਰ ਮਾਰ ਦਿੱਤੀ। ਇਸ ਦੇ ਨਾਲ ਹੀ ਕ੍ਰੇਟਾ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀ ਦੁਕਾਨ ਨਾਲ ਜਾ ਟਕਰਾਈ। ਇਸ ਹਾਦਸੇ 'ਚ ਦੋਵੇਂ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 8 ਸਾਲਾ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਸ ਤੋਂ ਬਾਅਦ ਵਾਹਨ ਸਵਾਰ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਜਿਵੇਂ ਹੀ ਬਹਿਰਾਮਪੁਰ ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਐੱਸ.ਐੱਚ.ਓ. ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਕ੍ਰਿਸ਼ਨਾ ਦੇਵੀ (72) ਪਤਨੀ ਸੋਹਣ ਸਿੰਘ ਵਾਸੀ ਰਾਮਪੁਰ ਅਤੇ ਸੁਧਾ ਸ਼ਰਮਾ ਵਾਸੀ ਈਸੇਪੁਰ ਵਜੋਂ ਹੋਈ ਹੈ। ਗੰਭੀਰ ਰੂਪ 'ਚ ਜ਼ਖਮੀ ਛੋਟੀ ਬੱਚੀ ਆਰਵੀ (8) ਵਾਸੀ ਰਾਮਪੁਰ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ। ਦੂਜੇ ਪਾਸੇ ਪੁਲਿਸ ਡਰਾਈਵਰ ਦੀ ਭਾਲ ਕਰ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਗੱਡੀ ਵਿਚੋਂ ਮਿਲੇ ਕਾਗਜ਼ਾਂ ਤੋਂ ਡਰਾਈਵਰ ਪਠਾਨਕੋਟ ਦਾ ਵਸਨੀਕ ਜਾਪਦਾ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
Big Accident In Punjab Before Diwali Creta Car Crushed 3 People Including An 8 year old Girl