November 11, 2025
Pakistan ਇਸਲਾਮਾਬਾਦ 'ਚ ਕੋਰਟ ਕੰਪਲੈਕਸ 'ਚ ਭਿਆਨਕ ਧਮਾਕਾ, 12 ਲੋਕਾਂ ਦੀ ਮੌਤ ਤੇ ਕਈ ਜ਼ਖਮੀ
ਲਾਈਵ ਪੰਜਾਬੀ ਟੀਵੀ ਬਿਊਰੋ
ਇਸਲਾਮਾਬਾਦ, 11 ਨਵੰਬਰ 2025: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਅੱਜ (ਮੰਗਲਵਾਰ) ਦੁਪਹਿਰ ਇੱਕ ਸ਼ਕਤੀਸ਼ਾਲੀ ਧਮਾਕੇ ਨਾਲ ਹਿੱਲ ਗਈ। ਇਹ ਧਮਾਕਾ G-11 ਇਲਾਕੇ ਵਿੱਚ ਸਥਿਤ ਜ਼ਿਲ੍ਹਾ ਤੇ ਸੈਸ਼ਨ ਅਦਾਲਤ (District & Sessions Court) ਦੇ ਕੰਪਲੈਕਸ ਵਿੱਚ ਹੋਇਆ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਸ ਘਟਨਾ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਗੰਭੀਰ ਤੌਰ 'ਤੇ ਜ਼ਖਮੀ ਹਨ।
ਇਸਲਾਮਾਬਾਦ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
ਧਮਾਕੇ ਦੀ ਆਵਾਜ਼ 6 ਕਿਲੋਮੀਟਰ ਦੂਰ ਤੱਕ ਸੁਣੀ ਗਈ
ਪਾਕਿਸਤਾਨੀ ਮੀਡੀਆ DawnNewsTV ਦੇ ਅਨੁਸਾਰ, ਇਹ ਧਮਾਕਾ ਬਹੁਤ ਹੀ ਸ਼ਕਤੀਸ਼ਾਲੀ ਸੀ ਅਤੇ ਇਸ ਦੀ ਆਵਾਜ਼ ਲਗਭਗ 6 ਕਿਲੋਮੀਟਰ ਦੂਰ ਤੱਕ ਸੁਣੀ ਗਈ।
ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਧਮਾਕੇ ਤੋਂ ਬਾਅਦ ਅਦਾਲਤ ਦੇ ਨੇੜੇ ਖੜ੍ਹੀ ਇੱਕ ਗੱਡੀ ਅੱਗ ਦੀਆਂ ਲਪਟਾਂ ਵਿੱਚ ਘਿਰੀ ਹੋਈ ਦਿੱਖ ਰਹੀ ਹੈ। ਧਮਾਕੇ ਦੇ ਤੁਰੰਤ ਬਾਅਦ, ਇਲਾਕੇ ਵਿੱਚ ਧੂੰਏਂ ਦਾ ਮੋਟਾ ਗੁਬਾਰ ਛਾ ਗਿਆ ਅਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ।
ਜਾਂਚ ਸ਼ੁਰੂ, ਸਾਰਾ ਇਲਾਕਾ ਸੀਲ ਕੀਤਾ ਗਿਆ
ਧਮਾਕੇ ਤੋਂ ਬਾਅਦ ਪੁਲਿਸ, ਰੈਸਕਿਊ ਤੇ ਬੰਬ ਨਿਰੋਧਕ ਟੀਮਾਂ ਨੇ ਸਾਰੇ ਕੋਰਟ ਕੰਪਲੈਕਸ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਸੁਰੱਖਿਆ ਏਜੰਸੀਆਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਰਿਪੋਰਟਾਂ ਮੁਤਾਬਕ, ਅਜੇ ਤੱਕ ਧਮਾਕੇ ਦੀ ਕਿਸਮ ਜਾਂ ਸੰਭਾਵਿਤ ਹਮਲਾਵਰਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਅਧਿਕਾਰੀ ਕਹਿ ਰਹੇ ਹਨ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਪੂਰਾ ਇਲਾਕਾ ਸੁਰੱਖਿਆ ਦੇ ਘੇਰੇ ਵਿੱਚ ਹੈ।
Terrible Explosion In Court Complex In Islamabad 12 People Killed And Many Injured