January 7, 2026
Canada
Canada 'ਚ ਮੋਹਾਲੀ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌ*ਤ
ਮੋਹਾਲੀ/ਓਟਾਵਾ, 7 ਜਨਵਰੀ: ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਕੈਨੇਡਾ (Canada) ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸੜਕ ਹਾਦਸੇ ਨੇ ਮੋਹਾਲੀ ਜ਼ਿਲ੍ਹੇ ਦੇ ਇੱਕ ਪਰਿਵਾਰ ਦਾ ਚਿਰਾਗ ਬੁਝਾ ਦਿੱਤਾ ਹੈ। ਮ੍ਰਿਤਕ ਦੀ ਪਛਾਣ 22 ਸਾਲਾ ਅਰਮਾਨ ਚੌਹਾਨ ਵਜੋਂ ਹੋਈ ਹੈ, ਜੋ ਕਿ ਲਾਲੜੂ ਮੰਡੀ ਦਾ ਰਹਿਣ ਵਾਲਾ ਸੀ। ਇਸ ਖ਼ਬਰ ਦੇ ਆਉਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮਾਂਟਰੀਅਲ ਤੋਂ ਟੋਰਾਂਟੋ ਜਾ ਰਿਹਾ ਸੀ ਨੌਜਵਾਨ
ਮਿਲੀ ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ 5 ਜਨਵਰੀ ਨੂੰ ਵਾਪਰਿਆ। ਅਰਮਾਨ ਚੌਹਾਨ ਆਪਣੇ ਇੱਕ ਦੋਸਤ ਨਾਲ ਮਾਂਟਰੀਅਲ ਤੋਂ ਟੋਰਾਂਟੋ ਵੱਲ ਜਾ ਰਿਹਾ ਸੀ। ਇਹ ਘਟਨਾ ਕ੍ਰੇਮੇਹ ਟਾਊਨਸ਼ਿਪ (Cramahe Township) ਨੇੜੇ ਓਨਟਾਰੀਓ ਹਾਈਵੇਅ 401 'ਤੇ ਵਾਪਰੀ। ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਹਾਦਸੇ ਸਮੇਂ ਅਰਮਾਨ ਹਾਈਵੇਅ 'ਤੇ ਪੈਦਲ ਚੱਲ ਰਿਹਾ ਸੀ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਾਈਵੇਅ ਦੀ ਪੱਛਮੀ ਲੇਨ ਵਿੱਚ ਕਿਸੇ ਵਾਹਨ ਨੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਦਿੱਤੀ ਹੈ। ਮੌਕੇ 'ਤੇ ਪਹੁੰਚਣ 'ਤੇ ਪੁਲਿਸ ਨੂੰ ਡਿਵਾਈਡਰ (ਮੀਡੀਅਨ) ਦੇ ਨੇੜੇ ਇੱਕ ਕਾਰ ਖੜ੍ਹੀ ਮਿਲੀ। ਹਾਲਾਂਕਿ, ਅਜੇ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋਇਆ ਹੈ ਕਿ ਅਰਮਾਨ ਨੂੰ ਉਸੇ ਖੜ੍ਹੀ ਕਾਰ ਨੇ ਟੱਕਰ ਮਾਰੀ ਹੈ ਜਾਂ ਕਿਸੇ ਹੋਰ ਵਾਹਨ ਨੇ। ਪੁਲਿਸ ਅਸਲ ਸੱਚਾਈ ਜਾਣਨ ਲਈ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਵਾਹਨਾਂ ਦੇ ਡੈਸ਼ਕੈਮ (Dashcam) ਫੁਟੇਜ ਦੀ ਜਾਂਚ ਕਰ ਰਹੀ ਹੈ। ਐਮਰਜੈਂਸੀ ਸੇਵਾਵਾਂ ਨੇ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਦੀ ਮੌਤ ਹੋ ਚੁੱਕੀ ਸੀ।
ਮਾਪਿਆਂ ਦਾ ਇਕਲੌਤਾ ਸਹਾਰਾ ਸੀ ਅਰਮਾਨ
ਅਰਮਾਨ ਦੀ ਮੌਤ ਨਾਲ ਲਾਲੜੂ ਮੰਡੀ ਵਿੱਚ ਮਾਤਮ ਛਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਰਮਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਸੁਨਹਿਰੀ ਭਵਿੱਖ ਲਈ ਪੜ੍ਹਾਈ ਕਰਨ ਕੈਨੇਡਾ ਗਿਆ ਸੀ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੀੜਤ ਪਰਿਵਾਰ ਨੇ ਕੈਨੇਡਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਹਾਦਸੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਆਖਿਰ ਉਨ੍ਹਾਂ ਦੇ ਪੁੱਤਰ ਨਾਲ ਕੀ ਵਾਪਰਿਆ ਸੀ।
Mohali youth dies in road accident in canada