June 5, 2026
ਵਿਸ਼ਵ ਵਾਤਾਵਰਣ ਦਿਵਸ ਮੌਕੇ ਸੰਤ ਸੀਚੇਵਾਲ ਦਾ ਖਿਡਾਰੀਆਂ ਨੂੰ ਤੋਹਫ਼ਾ, ਵਾਟਰ ਸਪੋਰਟਸ ਸੈਂਟਰ ਨੂੰ ਮਿਲੀਆਂ ਚਾਰ ਨਵੀਆਂ ਕਿਸ਼ਤੀਆਂ
ਸੁਲਤਾਨਪੁਰ ਲੋਧੀ:ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ'ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ "ਵਾਟਰ ਸਪੋਰਟਸ ਸੈਂਟਰ, ਸੁਲਤਾਨਪੁਰ ਲੋਧੀ" ਨੂੰ ਚਾਰ ਨਵੀਆਂ ਆਧੁਨਿਕ ਕਿਸ਼ਤੀਆਂ ਅਤੇ ਹੋਰ ਖੇਡ ਸਮੱਗਰੀ ਭੇਂਟ ਕੀਤੀ। ਕਰੀਬ ਢਾਈ ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਇਨ੍ਹਾਂ ਕਿਸ਼ਤੀਆਂ ਦੇ ਸ਼ਾਮਲ ਹੋਣ ਨਾਲ ਸੈਂਟਰ ਕੋਲ ਬੋਟਾਂ ਦੀ ਕੁੱਲ ਗਿਣਤੀ 32 ਹੋ ਗਈ ਹੈ।
ਸਾਲ 2014 ਤੋਂ ਪਵਿੱਤਰ ਕਾਲੀ ਵੇਈਂ'ਤੇ ਚੱਲ ਰਿਹਾ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਅੱਜ ਪੰਜਾਬ ਵਿੱਚ ਪਾਣੀ ਵਾਲੀਆ ਖੇਡਾਂ ਦੀ ਇੱਕ ਵਿਲੱਖਣ ਪਛਾਣ ਬਣ ਚੁੱਕਾ ਹੈ। ਨਵੀਆਂ ਕਿਸ਼ਤੀਆਂ ਖਿਡਾਰੀਆਂ ਨੂੰ ਸਮਰਪਿਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸੈਂਟਰ ਦੇ ਖਿਡਾਰੀਆਂ ਨੇ ਪਿਛਲੇ ਦਸ ਸਾਲਾਂ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੁਲਤਾਨਪੁਰ ਲੋਧੀ ਅਤੇ ਪੰਜਾਬ ਦਾ ਨਾਮ ਵਿਸ਼ਵ ਪੱਧਰ'ਤੇ ਰੌਸ਼ਨ ਕੀਤਾ ਹੈ।
ਸੈਂਟਰ ਦੇ ਕੋਚ ਅਮਨਦੀਪ ਸਿੰਘ ਨੇ ਕਿਹਾ ਕਿ ਵਾਟਰ ਸਪੋਰਟਸ ਇੱਕ ਬਹੁਤ ਮਹਿੰਗੀ ਖੇਡ ਹੈ, ਜਿਸ ਵਿੱਚ ਇੱਕ ਪੈਡਲ ਦੀ ਕੀਮਤ ਹਜ਼ਾਰਾਂ ਰੁਪਏ ਅਤੇ ਇੱਕ ਬੋਟ ਦੀ ਕੀਮਤ ਲੱਖਾਂ ਰੁਪਏ ਤੱਕ ਹੁੰਦੀ ਹੈ। ਪਰ ਸੰਤ ਸੀਚੇਵਾਲ ਦੇ ਸਹਿਯੋਗ ਸਦਕਾ ਆਮ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਮੁਫ਼ਤ ਜਾਂ ਬਹੁਤ ਘੱਟ ਖਰਚੇ'ਤੇ ਇਸ ਖੇਡ ਵਿੱਚ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ।
ਉਹਨਾਂ ਦੱਸਿਆ ਕਿ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸੈਂਟਰ ਵਿੱਚ ਦੋ ਸੀ-1, ਇੱਕ ਸੀ-2 ਅਤੇ ਇੱਕ ਕੇ-1 ਬੋਟ ਸ਼ਾਮਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਲੱਖਾਂ ਰੁਪਏ ਦੀ ਲਾਗਤ ਨਾਲ ਬੋਟਾਂ, ਪੈਡਲ, ਜਿਮ ਉਪਕਰਨ ਅਤੇ ਹੋਰ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾ ਚੁੱਕੀਆਂ ਹਨ। ਖਿਡਾਰੀਆਂ ਲਈ ਵਿਸ਼ੇਸ਼ ਤੌਰ'ਤੇ ਤਿਆਰ ਕੀਤੀ ਗਈ ਜਿਮ, ਏਅਰ ਕੰਡੀਸ਼ਨਡ ਸਹੂਲਤਾਂ ਅਤੇ ਉੱਚ ਪੱਧਰੀ ਅਭਿਆਸ ਢਾਂਚਾ ਇਸ ਸੈਂਟਰ ਦੀ ਖਾਸ ਪਹਿਚਾਣ ਬਣ ਚੁੱਕੇ ਹਨ।
ਬਾਕਸ ਆਈਟਮ : ਵੱਡੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਸਮਰੱਥ ਹੋਇਆ ਸੈਂਟਰ
ਨਵੀਆਂ ਕਿਸ਼ਤੀਆਂ ਦੇ ਸ਼ਾਮਲ ਹੋਣ ਨਾਲ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਹੁਣ ਵੱਡੇ ਪੱਧਰ ਦੇ ਰਾਸ਼ਟਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਲਈ ਹੋਰ ਮਜ਼ਬੂਤ ਹੋ ਗਿਆ ਹੈ। ਸੈਂਟਰ ਕੋਲ ਹੁਣ ਕੁੱਲ 32 ਬੋਟਾਂ ਉਪਲਬਧ ਹਨ, ਜਿਨ੍ਹਾਂ ਵਿੱਚ 7 ਕੇ-1, 6 ਕੇ-2, 3 ਕੇ-4, 7 ਸੀ-1, 2 ਸੀ-4 ਅਤੇ 4 ਡਰੈਗਨ ਬੋਟਾਂ ਸ਼ਾਮਲ ਹਨ। ਇਸ ਤੋਂ ਇਲਾਵਾ ਖਿਡਾਰੀਆਂ ਦੀ ਟ੍ਰੇਨਿੰਗ ਅਤੇ ਮੁਕਾਬਲਿਆਂ ਲਈ 20 ਪੈਡਲ ਵੀ ਮੌਜੂਦ ਹਨ। ਇਹ ਸਾਰੀਆਂ ਸਹੂਲਤਾਂ ਸੈਂਟਰ ਨੂੰ ਪੰਜਾਬ ਵਿੱਚ ਪਾਣੀ ਵਾਲੀਆਂ ਖੇਡਾਂ ਦਾ ਇੱਕ ਪ੍ਰਮੁੱਖ ਕੇਂਦਰ ਬਣਾਉਂਦੀਆਂ ਹਨ।
Balbir Singh Seechewaal