June 8, 2026
ਬਾਊਪੁਰ ਨੌਜਵਾਨ ਕਤਲ ਮਾਮਲੇ ’ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਸੁਲਤਾਨਪੁਰ ਲੋਧੀ : ਥਾਣਾ ਕਬੀਰਪੁਰ ਪੁਲਿਸ ਨੇ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਬੇਹੱਦ ਤੇਜ਼ੀ ਅਤੇ ਸੁਚੱਜੇ ਢੰਗ ਨਾਲ ਸੁਲਝਾਉਂਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਤਿੰਨ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਇੱਕ ਔਰਤ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਹੈ। ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਜ਼ਿਲ੍ਹੇ ਵਿੱਚ ਇੱਕ ਵੱਡੀ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਗੁੰਮਸ਼ੁਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਕੁਝ ਹੀ ਘੰਟਿਆਂ ਵਿੱਚ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੂਰਾ ਆਈ.ਪੀ.ਐਸ., ਪੁਲਿਸ ਕਪਤਾਨ (ਤਫ਼ਤੀਸ਼) ਹਰਿੰਦਰ ਸਿੰਘ ਗਿੱਲ ਪੀ.ਪੀ.ਐਸ. ਅਤੇ ਸਹਾਇਕ ਪੁਲਿਸ ਕਪਤਾਨ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਧੀਰੇਂਦਰ ਵਰਮਾ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਮਲ ਵਿੱਚ ਲਿਆਂਦੀ ਗਈ।
ਪੁਲਿਸ ਅਨੁਸਾਰ ਪਿੰਡ ਬਾਊਪੁਰ ਜਦੀਦ ਦੇ ਰਹਿਣ ਵਾਲੇ ਜਸਬੀਰ ਸਿੰਘ ਨੇ ਥਾਣਾ ਕਬੀਰਪੁਰ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ26 ਸਾਲਾ ਪੁੱਤਰ ਰਾਹੁਲ ਸਿੰਘ, ਜੋ ਏਅਰਟੈੱਲ ਕੰਪਨੀ ਵਿੱਚ ਕੰਮ ਕਰਦਾ ਸੀ, 5 ਜੂਨ ਨੂੰ ਆਪਣੀ ਡਿਊਟੀ ’ਤੇ ਗਿਆ ਸੀ ਪਰ ਰਾਤ ਤੱਕ ਘਰ ਵਾਪਸ ਨਹੀਂ ਪਹੁੰਚਿਆ। ਪਰਿਵਾਰ ਵੱਲੋਂ ਉਸਦੇ ਮੋਬਾਈਲ ’ਤੇ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਜਵਾਬ ਨਹੀਂ ਮਿਲਿਆ ਅਤੇ ਅਗਲੀ ਸਵੇਰ ਉਸਦਾ ਫੋਨ ਵੀ ਬੰਦ ਆ ਰਿਹਾ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਆਈ. ਮਲਕੀਤ ਸਿੰਘ ਮੁੱਖ ਅਫ਼ਸਰ ਥਾਣਾ ਕਬੀਰਪੁਰ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਨੇ ਇਲਾਕੇ ਦੀਆਂ ਸੀ.ਸੀ.ਟੀ.ਵੀ. ਫੁਟੇਜਾਂ ਦੀ ਜਾਂਚ ਸ਼ੁਰੂ ਕੀਤੀ, ਜਿਸ ਦੌਰਾਨ ਇੱਕ ਸ਼ੱਕੀ ਕਾਰ ਰਾਹੁਲ ਸਿੰਘ ਦਾ ਪਿੱਛਾ ਕਰਦੀ ਹੋਈ ਨਜ਼ਰ ਆਈ। ਇਸੇ ਦੌਰਾਨ ਰਾਹੁਲ ਦਾ ਮੋਟਰਸਾਈਕਲ ਬਾਊਪੁਰ ਪੁਲ ਹੇਠਾਂ ਡਿੱਗਿਆ ਹੋਇਆ ਮਿਲਿਆ ਅਤੇ ਮੌਕੇ ਤੋਂ ਖੂਨ ਦੇ ਨਿਸ਼ਾਨ ਵੀ ਬਰਾਮਦ ਹੋਏ।
ਤਫ਼ਤੀਸ਼ ਨੂੰ ਤੇਜ਼ ਕਰਦਿਆਂ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਮਲਕੀਤ ਸਿੰਘ ਵਾਸੀ ਅਦਾਲਤ ਚੱਕ ਬਲਵਿੰਦਰ ਸਿੰਘ ਉਰਫ਼ ਲੱਡੂ ਵਾਸੀ ਮਹਿਤਮਾ ਵਾਲਾ ਅਤੇ ਸਾਹਿਲਪ੍ਰੀਤ ਸਿੰਘ ਵਾਸੀ ਕਾਹਨਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਤਿੰਨਾਂ ਨੇ ਕਥਿਤ ਤੌਰ ’ਤੇ ਕਤਲ ਦੀ ਵਾਰਦਾਤ ਕਬੂਲ ਕਰ ਲਈ ਅਤੇ ਦੱਸਿਆ ਕਿ ਰਾਹੁਲ ਸਿੰਘ ਦਾ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਬਿਆਸ ਦਰਿਆ ਵਿੱਚ ਸੁੱਟ ਦਿੱਤੀ ਗਈ ਸੀ।
ਪੁਲਿਸ ਨੇ ਇਸ ਸਬੰਧੀ ਥਾਣਾ ਕਬੀਰਪੁਰ ਵਿੱਚ ਮੁਕੱਦਮਾ ਨੰਬਰ32 ਮਿਤੀ06.06.2026 ਅਧੀਨ ਧਾਰਾ103(1) ਬੀਐਨਐੱਸ ਤਹਿਤ ਕੇਸ ਦਰਜ ਕਰਕੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਜਾਂਚ ਮੁਤਾਬਕ ਮਾਮਲੇ ਦੀ ਜੜ੍ਹ ਪੁਰਾਣੀ ਰੰਜਿਸ਼ ਸੀ। ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਦੋਸ਼ੀ ਮਲਕੀਤ ਸਿੰਘ ਦੀ ਪਤਨੀ ਕਾਜਲ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਸ ਖ਼ਿਲਾਫ਼ ਵਾਧੂ ਧਾਰਾਵਾਂ140(1) ਅਤੇ61(2) ਬੀ.ਐਨ.ਐੱਸ. ਸ਼ਾਮਲ ਕੀਤੀਆਂ ਗਈਆਂ ਹਨ। ਪੁਲਿਸ ਨੇ ਮ੍ਰਿਤਕ ਰਾਹੁਲ ਸਿੰਘ ਦੀ ਲਾਸ਼ ਵੀ ਬਰਾਮਦ ਕਰ ਲਈ ਹੈ।
ਤਫ਼ਤੀਸ਼ ਦੌਰਾਨ ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਇੱਕ ਕਾਰ, ਇੱਕ ਮੋਟਰਸਾਈਕਲ, ਦੋ ਦਾਤਰ (ਇੱਕ ਵੱਡਾ ਅਤੇ ਇੱਕ ਛੋਟਾ), ਇੱਕ ਲੋਹੇ ਦੀ ਕਿਰਚ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਦਕਿ ਮਾਮਲੇ ਦੀ ਤਫ਼ਤੀਸ਼ ਅਜੇ ਵੀ ਜਾਰੀ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਹੋਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਦੀ ਇਸ ਤੇਜ਼ ਕਾਰਵਾਈ ਨਾਲ ਨਾ ਸਿਰਫ਼ ਕਤਲ ਦੀ ਗੁੱਥੀ ਸੁਲਝੀ ਹੈ, ਸਗੋਂ ਪੀੜਤ ਪਰਿਵਾਰ ਨੂੰ ਵੀ ਇਨਸਾਫ਼ ਦੀ ਉਮੀਦ ਬੰਨ੍ਹੀ ਹੈ।
Baupur youth murder case