June 17, 2026
ਰੀਲ ਬਣਾਉਣ ਦੀ ਚਾਹ ਨੇ ਪਾਇਆ ਮਹਿੰਗਾ ਪੰਗਾ, ਸਰਕਾਰੀ ਸਕੂਲ ਨੂੰ 8 ਲੱਖ ਦਾ ਨੁਕਸਾਨ
ਫਰੀਦਕੋਟ ਦੇ ਜੈਤੋ ਸਥਿਤ ਸਰਕਾਰੀ ਸਕੂਲ ਆਫ਼ ਐਮੀਨੈਂਸ ਵਿੱਚ ਸੋਸ਼ਲ ਮੀਡੀਆ ਲਈ ਰੀਲ ਬਣਾਉਣ ਦੇ ਚੱਕਰ ਵਿੱਚ ਤਿੰਨ ਨਾਬਾਲਗਾਂ ਨੇ ਵੱਡੀ ਤੋੜਫੋੜ ਕਰ ਦਿੱਤੀ। ਗਰਮੀਆਂ ਦੀਆਂ ਛੁੱਟੀਆਂ ਕਾਰਨ ਸਕੂਲ ਬੰਦ ਸੀ, ਜਿਸ ਦਾ ਫਾਇਦਾ ਚੁੱਕਦੇ ਹੋਏ ਨੌਜਵਾਨ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ ਅਤੇ ਸਕੂਲ ਦੀ ਜਾਇਦਾਦ ਨੂੰ ਨਿਸ਼ਾਨਾ ਬਣਾਇਆ।
ਸੀਸੀਟੀਵੀ ਫੁਟੇਜ ਮੁਤਾਬਕ ਮੁਲਜ਼ਮਾਂ ਨੇ ਕੈਮਰੇ, ਖਿੜਕੀਆਂ ਦੇ ਸ਼ੀਸ਼ੇ, ਫੁੱਲਾਂ ਦੇ ਗਮਲੇ, ਫਰਨੀਚਰ ਅਤੇ ਹੋਰ ਸਮਾਨ ਦੀ ਭੰਨਤੋੜ ਕੀਤੀ। ਇੱਥੋਂ ਤੱਕ ਕਿ ਸਕੂਲ ਦੇ ਵਿਹੜੇ ਵਿੱਚ ਖੜ੍ਹੀਆਂ ਵੈਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਸਕੂਲ ਪ੍ਰਸ਼ਾਸਨ ਅਨੁਸਾਰ ਇਸ ਘਟਨਾ ਨਾਲ ਕਰੀਬ8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਪ੍ਰਿੰਸੀਪਲ ਨੇ ਦੱਸਿਆ ਕਿ ਸੀਸੀਟੀਵੀ ਰਿਕਾਰਡਿੰਗ ਦੇ ਆਧਾਰ'ਤੇ ਤਿੰਨਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚ ਦੋ ਵਿਦਿਆਰਥੀ ਸਕੂਲ ਦੇ ਹੀ ਹਨ, ਜਦਕਿ ਇੱਕ ਬਾਹਰੀ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਜਾਣਕਾਰੀ ਪੁਲਿਸ ਅਤੇ ਸਿੱਖਿਆ ਵਿਭਾਗ ਨੂੰ ਦੇ ਦਿੱਤੀ ਗਈ ਹੈ।
ਡੀਐਸਪੀ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਤਿੰਨੇ ਨਾਬਾਲਗ ਹਨ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੁਲਾਇਆ ਗਿਆ ਹੈ। ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਸਮਾਜਿਕ ਆਗੂਆਂ ਨੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਪ੍ਰਭਾਵ ਹੇਠ ਅਜਿਹੇ ਖ਼ਤਰਨਾਕ ਕਦਮ ਚੁੱਕਣ ਤੋਂ ਬਚਣ ਦੀ ਅਪੀਲ ਕੀਤੀ ਹੈ।
Damage worth 8 lakh rupees