April 19, 2025

ਅੰਮ੍ਰਿਤਸਰ 19 ਅਪ੍ਰੈਲ 2025: ਸਕੂਲਾਂ 'ਚ ਜੰਕ ਫੂਡ ਅਤੇ ਐਨਰਜੀ ਡਰਿੰਕਸ ਵੇਚਣ 'ਤੇ ਹੁਣ ਪੂਰੀ ਤਰ੍ਹਾਂ ਪਾਬੰਦੀ ਹੈ। ਜੇਕਰ ਅਜਿਹੇ ਉਤਪਾਦ ਸਕੂਲ ਦੇ ਅੰਦਰ ਵੇਚੇ ਜਾਂਦੇ ਹਨ, ਤਾਂ ਸਬੰਧਤ ਕੰਟੀਨ ਮਾਲਕ ਦੇ ਨਾਲ-ਨਾਲ ਸਕੂਲ ਇੰਚਾਰਜ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸਿਹਤ ਵਿਭਾਗ ਵੱਲੋਂ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੂੰ ਇੱਕ ਪੱਤਰ ਵੀ ਜਾਰੀ ਕੀਤਾ ਜਾ ਰਿਹਾ ਹੈ।
ਫੂਡ ਸਹਾਇਕ ਕਮਿਸ਼ਨਰ ਰਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਵਿਸ਼ੇਸ਼ ਕਦਮ ਚੁੱਕੇ ਜਾਂਦੇ ਹਨ। ਵਿਭਾਗ ਦੇ ਧਿਆਨ 'ਚ ਆਇਆ ਹੈ ਕਿ ਕਈ ਸਕੂਲਾਂ ਦੀਆਂ ਕੰਟੀਨਾਂ 'ਚ ਜੰਕ ਫੂਡ ਅਤੇ ਐਨਰਜੀ ਡਰਿੰਕਸ ਵੇਚੇ ਜਾ ਰਹੇ ਹਨ, ਜਿਸਦਾ ਵਿਦਿਆਰਥੀਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।
ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸਕੂਲ ਦੇ ਅਹਾਤੇ 'ਚ ਜੰਕ ਫੂਡ ਅਤੇ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਜੇਕਰ ਕੋਈ ਕੰਟੀਨ ਮਾਲਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਨੂੰ ਨਾ ਸਿਰਫ਼ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਬਲਕਿ ਉਸ ਸਕੂਲ ਦੇ ਇੰਚਾਰਜ ਨੂੰ ਵੀ ਬਰਾਬਰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਸਭ ਤੋਂ ਮਹੱਤਵਪੂਰਨ ਹੈ। ਜੇਕਰ ਸਿਹਤ ਚੰਗੀ ਰਹੇਗੀ, ਤਾਂ ਵਿਦਿਆਰਥੀ ਪੜ੍ਹਾਈ 'ਚ ਵੀ ਬਿਹਤਰ ਪ੍ਰਦਰਸ਼ਨ ਕਰ ਸਕਣਗੇ।
Strict Orders Issued In Punjab Schools Ban On These Items