April 19, 2025

ਤਰਨਤਾਰਨ, 19 ਅਪ੍ਰੈਲ 2025: ਕੈਨੇਡਾ 'ਚ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੀ ਰਹਿਣ ਵਾਲੀ ਪੰਜਾਬੀ ਵਿਦਿਆਰਥਣ ਦੀ ਗੋਲੀ ਲੱਗਣ ਨਾਲ ਮੌਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਮ੍ਰਿਤਕ ਪੰਜਾਬੀ ਵਿਦਿਆਰਥਣ ਹਰਸਿਮਰਤ ਕੌਰ ਰੰਧਾਵਾ (21 ਸਾਲ) ਤਰਨਤਾਰਨ ਦੇ ਪਿੰਡ ਧੂੰਦਾ ਦੀ ਵਸਨੀਕ ਹੈ |
ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਪੰਜਾਬੀ ਵਿਦਿਆਰਥਣ ਹਰਸਿਮਰਤ ਕੌਰ ਰੰਧਾਵਾ ਦੇ ਪਰਿਵਾਰ ਨੇ ਦੱਸਿਆ ਕਿ ਸਾਡੀ ਲੜਕੀ ਲਗਭਗ ਦੋ ਸਾਲ ਪਹਿਲਾਂ ਹੀ ਕੈਨੇਡਾ 'ਚ ਪੜਾਈ ਕਰਨ ਲਈ ਗਈ ਸੀ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਘਰੋਂ ਪੜ੍ਹਨ ਲਈ ਜਾ ਰਹੀ ਸੀ | ਉਹਨਾਂ ਦੱਸਿਆ ਕਿ ਉਥੇ ਕੋਈ ਦੋ ਗੁੱਟਾ 'ਚ ਲੜਾਈ ਦੌਰਾਨ ਗੋਲੀਬਾਰੀ ਕੀਤੀ ਜਾ ਰਹੀ ਸੀ ਤਾਂ ਅਚਾਨਕ ਸਾਡੀ ਲੜਕੀ ਨੂੰ ਗੋਲੀ ਲੱਗ ਗਈ, ਜਿਸ ਨਾਲ ਇਸ ਦੀ ਮੌਤ ਹੋ ਗਈ |
ਪੀੜਤ ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਵਾਪਸ ਭਾਰਤ ਲਿਆਉਣ 'ਚ ਮੱਦਦ ਕੀਤੀ ਜਾਵੇ | ਇਸ ਦੁਖਦਾਈ ਖ਼ਬਰ ਨਾਲ ਇਲਾਕੇ 'ਚ ਸੋਗ ਦੀ ਲਹਿਰ ਹੈ |
ਕੈਨੇਡਾ ਦੀ ਪੁਲਿਸ ਮੁਤਾਬਕ ਉਨ੍ਹਾਂ ਨੂੰ ਸ਼ਾਮ 7.30 ਵਜੇ ਦੇ ਕਰੀਬ ਹੈਮਿਲਟਨ ਦੇ ਅੱਪਰ ਜੇਮਸ ਇਲਾਕੇ 'ਚ ਗੋਲੀਬਾਰੀ ਦੀ ਰਿਪੋਰਟ ਮਿਲੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ, ਤਾਂ ਭਾਰਤੀ ਵਿਦਿਆਰਥੀ ਜ਼ਖਮੀ ਹਾਲਤ 'ਚ ਮਿਲਿਆ ਅਤੇ ਉਸਦੀ ਛਾਤੀ 'ਚ ਗੋਲੀ ਲੱਗੀ ਹੋਈ ਸੀ। ਪੁਲਿਸ ਵਿਦਿਆਰਥਣ ਨੂੰ ਹਸਪਤਾਲ ਲੈ ਗਈ, ਪਰ ਉਸਦੀ ਮੌਤ ਹੋ ਗਈ।
ਪੁਲਿਸ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਕਾਲੀ ਕਾਰ ਦੇ ਸਵਾਰਾਂ ਨੇ ਇੱਕ ਚਿੱਟੀ ਕਾਰ 'ਤੇ ਗੋਲੀਬਾਰੀ ਕੀਤੀ ਸੀ। ਗੋਲੀਬਾਰੀ ਤੋਂ ਬਾਅਦ ਹਮਲਾਵਰ ਭੱਜ ਗਏ। ਪੁਲਿਸ ਮੁਲਜ਼ਮਾਂ ਦੀ ਭਾਲ 'ਚ ਰੁੱਝੀ ਹੋਈ ਹੈ।
Punjabi Student Dies After Being Shot In Canada Family In Mourning