May 22, 2025
ਲੁਧਿਆਣਾਲੁਧਿਆਣਾ, 22ਮਈ 2025: ਪਿਛਲੇ ਕੁੱਝ ਦਿਨਾਂ ਤੋਂ ਸ਼ਰਾਬ ਪੀਣ ਨਾਲ ਮਜੀਠਾ ਵਿਖੇ ਕਈ ਲੋਕਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪਰ ਸ਼ਰਾਬ ਪੀਣ ਵਾਲਿਆਂ ਦਾ ਰਸ ਅਜੇ ਵੀ ਉਸੇ ਤਰ੍ਹਾਂ ਬਰਕਰਾਰ ਹੈ। ਦੱਸ ਦਿੰਦੇ ਹਾਂ ਕਿ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਇਸ ਘਟਨਾ ਨੇ ਇਲਾਕੇ ਵਿਚ ਹਲਚਲ ਮਚਾ ਦਿਤੀ ਹੈ ਅਤੇ ਪਰਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਇਸ ਦੁਖਦਾਈ ਘਟਨਾ ਪਿੱਛੇ ਜ਼ਹਿਰੀਲੀ ਸ਼ਰਾਬ ਦਾ ਹੱਥ ਹੋ ਸਕਦਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ।
ਮ੍ਰਿਤਕ ਦੀ ਪਛਾਣ 40 ਸਾਲਾ ਰਿੰਕੂ ਵਜੋਂ ਹੋਈ ਹੈ, ਜੋ ਸੰਨਿਆਸ ਨਗਰ ਦੇ ਸਰਕਾਰੀ ਸਕੂਲ ਦੇ ਨੇੜੇ ਸਥਿਤ ਇਕ ਖ਼ਾਲੀ ਪਲਾਟ 'ਤੇ ਸ਼ਰਾਬ ਪੀ ਰਿਹਾ ਸੀ। ਇਸ ਤੋਂ ਇਲਾਵਾ, ਉਸ ਦੇ ਨਾਲ ਦੋ ਹੋਰ ਲੋਕ ਵੀ ਸਨ ਜਿਨ੍ਹਾਂ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ। ਰਿੰਕੂ ਦੇ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਤਿੰਨੋਂ ਵਿਅਕਤੀ ਅਚਾਨਕ ਬੇਹੋਸ਼ ਹੋ ਗਏ ਅਤੇ ਉਨ੍ਹਾਂ ਦੇ ਮੂੰਹ ਵਿਚੋਂ ਝੱਗ ਨਿਕਲਣ ਲੱਗੀ। ਇਹ ਸਥਿਤੀ ਦੇਖ ਕੇ ਇਕ ਰਾਹਗੀਰ ਨੇ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦਿਤੀ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਰਿੰਕੂ ਨੂੰ ਮ੍ਰਿਤਕ ਐਲਾਨ ਦਿਤਾ।
ਬਾਕੀ ਦੋ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰਿੰਕੂ ਦੀ ਭਾਬੀ ਪਾਰੋ ਨੇ ਦਸਿਆ ਕਿ ਰਿੰਕੂ ਦੀ ਪਤਨੀ ਦਾ ਕੁੱਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ, ਤੇ ਉਹ ਅਪਣੇ ਬੱਚਿਆਂ ਨਾਲ ਇਕੱਲਾ ਰਹਿੰਦਾ ਸੀ। ਮ੍ਰਿਤਕ ਦੇ ਪਰਵਾਰ ਵਿਚ ਇਕ ਪੁੱਤਰ ਤੇ ਦੋ ਧੀਆਂ ਹਨ, ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਹ ਘਟਨਾ ਉਨ੍ਹਾਂ ਲਈ ਇਕ ਵੱਡਾ ਝਟਕਾ ਬਣ ਕੇ ਆਈ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਨਕਲੀ ਸ਼ਰਾਬ ਵਿਚ ਵਰਤਿਆ ਜਾਣ ਵਾਲਾ ਮੀਥੇਨੌਲ ਝੱਗ ਨਹੀਂ ਬਣਾਉਂਦਾ ਤੇ ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਮੌਤ ਜ਼ਹਿਰੀਲੀ ਸ਼ਰਾਬ ਕਾਰਨ ਹੋਈ ਹੈ। ਹਾਲਾਂਕਿ, ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਿਸ ਨੇ ਮਾਮਲੇ ਦੀ ਜਾਂਚ ਨੂੰ ਤਰਜੀਹ ਦਿਤੀ ਹੈ ਅਤੇ ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿਤੀਆਂ ਗਈਆਂ ਹਨ।
A Person Died After Consuming Toxic Alcohol In Ludhiana And The Condition Of Two Others Is Critical