March 11, 2025

Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੇ ਸੱਭਿਆਚਾਰਕ, ਸਾਹਿਤਕ ਅਤੇ ਸੰਗੀਤਕ ਖੇਤਰ ਦੀ ਨਾਮੀਂ ਸ਼ਖਸ਼ੀਅਤ ਦੀਪਕ ਬਾਲੀ ਨੇ ਅੱਜ ਸੈਕਟਰ 38 ਵਿਖੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਦੇ ਸਲਾਹਕਾਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸਿਆਸੀ, ਸਾਹਿਤਕ, ਸੱਭਿਆਚਾਰਕ, ਸੰਗੀਤਕ ਅਤੇ ਹੋਰ ਖੇਤਰਾਂ ਦੀਆਂ ਹਸਤੀਆਂ ਹਾਜ਼ਰ ਸਨ।
ਦੀਪਕ ਬਾਲੀ ਨੇ ਕਿਹਾ ਕਿ 1986 ਤੋਂ ਉਹ ਵਿਰਾਸਤ, ਭਾਸ਼ਾ ਅਤੇ ਕਲਾ ਦੇ ਖੇਤਰਾਂ ਵਿਚ ਵਿਚਰ ਰਹੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਸੱਭਿਆਚਾਰ ਤੇ ਵਿਰਸੇ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਹੋਰ ਪ੍ਰਸਿੱਧੀ ਦਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੈਰ ਸਪਾਟੇ ਦੇ ਖੇਤਰ ਵਿਚ ਹੋਰ ਉੱਪਰ ਲਿਜਾਣ ਲਈ ਵੀ ਉਹ ਦਿਨ ਰਾਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਵਧੀਆ ਤਰੀਕੇ ਨਾਲ ਪਹੁੰਚਾਉਣ ਲਈ ਪੂਰੀ ਸੁਹਿਰਦਤਾ ਨਾਲ ਕੰਮ ਕੀਤਾ ਜਾਵੇਗਾ।
ਦੀਪਕ ਬਾਲੀ ਨੇ ਇਸ ਅਹੁਦੇ ਲਈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸੱਭਿਆਚਾਰ, ਕਲਾ ਤੇ ਸੂਬੇ ਦੇ ਸੈਰ ਸਪਾਟਾ ਖੇਤਰ ਦੇ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ, ਉਹ ਉਸ ਉੱਤੇ ਪੂਰਾ ਖਰਾ ਉੱਤਰਨ ਦੀ ਕੋਸ਼ਿਸ਼ ਕਰਨਗੇ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਿਨੇਟ ਮੰਤਰੀ ਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਦੀਪਕ ਬਾਲੀ ਦੇ ਲੰਬੇ ਸਮਾਜਿਕ ਤੇ ਸੱਭਿਆਚਾਰਕ ਤਜ਼ਰਬੇ ਦਾ ਫਾਇਦਾ ਪੰਜਾਬ ਨੂੰ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦਾ ਸਿਆਸੀ ਤਜਰਬਾ ਨਵੀਆਂ ਨੀਤੀਆਂ ਬਣਾਉਣ ਵਿਚ ਸਹਾਈ ਹੋਵੇਗਾ। ਉਨ੍ਹਾਂ ਉਮੀਦ ਕੀਤੀ ਕਿ ਬਾਲੀ ਪੰਜਾਬ ਦੇ ਸੱਭਿਆਚਾਰਕ, ਕਲਾ ਅਤੇ ਸੈਰ ਸਪਾਟਾ ਖੇਤਰ ਨੂੰ ਨਵੀਆਂ ਉਚਾਈਆਂ 'ਤੇ ਲੈਕੇ ਜਾਣਗੇ।
ਇਸ ਮੌਕੇ ਸੈਰ ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਮੋਹਿੰਦਰ ਭਗਤ ਤੇ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਪੰਜਾਬ ਸਰਕਾਰ ਦੇ ਵੱਖ ਵੱਖ ਬੋਰਡਾਂ/ਕਾਰਪੋਰੇਸ਼ਨਾਂ ਦੇ ਚੇਅਰਪਰਸਨ ਸਨੀ ਆਹਲੂਵਾਲੀਆ, ਨਵਜੋਤ ਸਿੰਘ ਜਰਗ, ਬਾਲ ਮੁਕੰਦ ਸ਼ਰਮਾ, ਰਾਜਵਿੰਦਰ ਕੌਰ ਥਿਆੜਾ ਅਤੇ ਸੰਗੀਤਕ ਤੇ ਕਲਾ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਰੌਸ਼ਨ ਪ੍ਰਿੰਸ, ਅਮਰ ਨੂਰੀ, ਜਸਬੀਰ ਗੁਣਾਚੌਰੀਆਂ, ਅਲਾਪ ਸਿਕੰਦਰ, ਸਾਰੰਗ ਸਿਕੰਦਰ, ਸਚਿਨ ਅਹੂਜਾ, ਸੁੱਖੀ ਬਰਾੜ, ਪੰਮੀ ਬਾਈ ਅਤੇ ਸੋਨੀਆ ਮਾਨ ਹਾਜ਼ਰ ਸਨ।
Punjab Government Has Entrusted Deepak Bali With A Big Responsibility He Has Been Appointed As The Advisor Of The Department Of Tourism And Cultural Affairs He Has Assumed The Post
