March 14, 2025

Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਅਪਰਾਧਿਕ ਅਨਸਰਾਂ ਨੂੰ ਲਗਾਤਾਰ ਕਾਬੂ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਉਸ ਸਮੇਂ ਇੱਕ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਏ.ਜੀ.ਟੀ.ਐਫ ਅਤੇ ਸੀ.ਆਈ.ਏ ਜੈਤੋ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਵਿਦੇਸ਼ੀ ਗੈਂਗਸਟਰ ਗੌਰਵ ਉਰਫ਼ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਦੇ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਭੰਗੇਰੀਆ, ਮੋਗਾ ਨੂੰ ਪਿੰਡ ਘੁਗਿਆਣਾ ਨੇੜੇ ਇੱਕ ਮੁੱਠਭੇੜ ਤੋਂ ਬਾਅਦ ਕਾਬੂ ਕਰ ਲਿਆ ਗਿਆ। ਇਹ ਜਾਣਕਾਰੀ ਐਸਐਸਪੀ ਫਰੀਦਕੋਟ ਡਾ: ਪ੍ਰਗਿਆ ਜੈਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਦਵਿੰਦਰ ਬੰਬੀਹਾ ਗੈਂਗ ਦੇ ਵਿਦੇਸ਼ੀ ਗੈਂਗਸਟਰ ਗੌਰਵ ਉਰਫ਼ ਲੱਕੀ ਪਟਿਆਲ ਅਤੇ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮਨੀ, ਜਿਨ੍ਹਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਹਨ, ਫ਼ਰੀਦਕੋਟ ਦੇ ਇਲਾਕਿਆਂ ਵਿੱਚ ਘੁੰਮਣ ਦੀ ਸੂਚਨਾ ਮਿਲੀ ਸੀ। ਉਸ ਸਮੇਂ ਏ.ਜੀ.ਟੀ.ਐਫ. ਅਤੇ ਸੀ.ਆਈ.ਏ. ਜੈਤੋ ਨੇ ਪਿੰਡ ਘੁਗਿਆਣਾ ਤੋਂ ਸਾਦਿਕ ਰੋਡ 'ਤੇ ਨਾਕਾ ਲਗਾਇਆ ਹੋਇਆ ਸੀ, ਉਸ ਸਮੇਂ ਇਹ ਦੋਸ਼ੀ ਮੋਟਰਸਾਈਕਲ 'ਤੇ ਆਉਂਦਾ ਦੇਖਿਆ ਗਿਆ | ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਪੁਲਿਸ ਟੀਮ ’ਤੇ ਦੋ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਸ ਦਾ ਮੋਟਰਸਾਈਕਲ ਵੀ ਡਿੱਗ ਪਿਆ। ਜਵਾਬ 'ਚ ਪੁਲਿਸ ਨੇ ਆਤਮ ਰੱਖਿਆ 'ਚ ਜਵਾਬੀ ਕਾਰਵਾਈ ਕੀਤੀ। ਜਿਸ 'ਚ ਦੋਸ਼ੀ ਜ਼ਖਮੀ ਹੋ ਗਿਆ। ਪੁਲਿਸ ਟੀਮਾਂ ਨੇ ਉਸ ਕੋਲੋਂ ਇੱਕ 30 ਬੋਰ ਦਾ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਸਮੇਤ ਮੋਟਰਸਾਈਕਲ ਬਰਾਮਦ ਕੀਤਾ ਹੈ, ਜਿਸ ’ਤੇ ਉਹ ਸਵਾਰ ਸੀ।
Bambiha Gang Shooter Arrested In Early Morning Encounter Firing In Punjab
