January 20, 2025

Admin / Sports
ਲਾਈਵ ਪੰਜਾਬੀ ਟੀਵੀ ਬਿਊਰੋ : ਓਲੰਪਿਕ ਸੋਨ ਤਗਮਾ ਜੇਤੂ ਜੈਵਲਿਨ ਥਰੋਅ ਦੇ ਸੁਪਰਸਟਾਰ ਨੀਰਜ ਚੋਪੜਾ ਨੇ ਨਵੇਂ ਸਾਲ ਦੀ ਸ਼ੁਰੂਆਤ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਵਿਆਹ ਦਾ ਐਲਾਨ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਕੀਤਾ।
ਨੀਰਜ ਚੋਪੜਾ ਨੇ ਐਤਵਾਰ ਨੂੰ ਇੰਸਟਾਗ੍ਰਾਮ ਰਾਹੀਂ ਆਪਣੇ ਵਿਆਹ ਦੀ ਜਾਣਕਾਰੀ ਦਿੱਤੀ। ਉਸਨੇ ਆਪਣੀ ਪਤਨੀ ਨਾਲ ਇੱਕ ਫੋਟੋ ਵੀ ਪੋਸਟ ਕੀਤੀ ਹੈ ਜਿਸ ਵਿਚ ਲਾੜਾ-ਲਾੜੀ ਰਵਾਇਤੀ ਵਿਆਹ ਦੇ ਪਹਿਰਾਵੇ ਵਿਚ ਅੱਖਾਂ ਬੰਦ ਕਰਕੇ ਅਤੇ ਹੱਥ ਜੋੜ ਕੇ ਰੱਬ ਨੂੰ ਯਾਦ ਕਰ ਰਹੇ ਹਨ।
ਉਨ੍ਹਾਂ ਨੇ ਲਿਖਿਆ ਕਿ ਆਪਣੇ ਪਰਿਵਾਰ ਨਾਲ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰ ਰਿਹਾ ਹਾਂ। ਹਰ ਅਸ਼ੀਰਵਾਦ ਲਈ ਸ਼ੁਕਰਗੁਜ਼ਾਰ ਜੋ ਸਾਨੂੰ ਇਸ ਪਲ ਵਿਚ ਇੱਕਠੇ ਲਿਆਇਆ। ਇਸ ਪੋਸਟ 'ਚ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਂ ਦਾ ਜ਼ਿਕਰ ਅਨੋਖੇ ਤਰੀਕੇ ਨਾਲ ਕੀਤਾ ਹੈ। ਉਸਨੇ ਪਹਿਲਾਂ ਨੀਰਜ ਲਿਖਿਆ ਫਿਰ ਦਿਲ ਦਾ ਇਮੋਜੀ ਬਣਾਇਆ ਅਤੇ ਫਿਰ ਆਪਣੀ ਪਤਨੀ ਦਾ ਨਾਮ ਹਿਮਾਨੀ ਲਿਖਿਆ।
ਨੀਰਜ ਚੋਪੜਾ ਦੀ ਇਸ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਖੇਡ ਜਗਤ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਅਤੇ ਦੇਸ਼-ਵਿਦੇਸ਼ ਤੋਂ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਨੀਰਜ ਨੇ ਆਪਣੇ ਜੀਵਨ ਸਾਥੀ ਨਾਲ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ। ਉਨ੍ਹਾਂ ਦੇ ਵਿਆਹ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੀ ਨਹੀਂ ਬਲਕਿ ਪੂਰੀ ਖੇਡ ਜਗਤ ਨੂੰ ਹੈਰਾਨ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਟੋਕੀਓ ਓਲੰਪਿਕ 2021 'ਚ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਭਾਰਤੀ ਖੇਡ ਜਗਤ 'ਚ ਆਪਣੀ ਖਾਸ ਪਛਾਣ ਬਣਾਈ ਹੈ। ਪਿਛਲੇ ਸਾਲ ਉਸ ਨੇ ਪੈਰਿਸ ਓਲੰਪਿਕ ਵਿਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਦੀਆਂ ਪ੍ਰਾਪਤੀਆਂ ਅਤੇ ਸਖ਼ਤ ਮਿਹਨਤ ਉਸ ਨੂੰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਾਉਂਦੀਆਂ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਇਸ ਨਵੇਂ ਸਫਰ 'ਚ ਉਨ੍ਹਾਂ ਦੀ ਖੁਸ਼ੀ ਅਤੇ ਸਫਲਤਾ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।
Neeraj Chopra Marriage