October 28, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਅਗਲਾ ਟੀਚਾ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦੇਣ ਦਾ ਹੈ। ਉਨ੍ਹਾਂ ਇਹ ਗੱਲ ਹੁਸ਼ਿਆਰਪੁਰ ਦੇ ਚੱਬੇਵਾਲ ਵਿਖੇ 13 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਚੱਬੇਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਕਹੀ।
ਕੱਲ੍ਹ (ਐਤਵਾਰ) ਸੀਐੱਮ ਮਾਨ ਨੇ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟਾਂ ਦੀਆਂ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਲੇ ਦਿਨਾਂ ਵਿਚ ਔਰਤਾਂ ਨੂੰ 1100 ਰੁਪਏ ਮਾਸਿਕ ਦੇਣ ਦਾ ਇਤਿਹਾਸਕ ਫੈਸਲਾ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਅਸੀਂ ਵਿਧਾਨ ਸਭਾ ਵਿਚ ਇਕ ਇਤਿਹਾਸਕ ਕਾਨੂੰਨ ਪਾਸ ਕੀਤਾ ਸੀ ਜਿਸ ਤਹਿਤ ਹੁਣ ਲੜਕੀਆਂ ਵੀ ਫਾਇਰ ਬ੍ਰਿਗੇਡ ਵਿਚ ਭਰਤੀ ਹੋ ਸਕਣਗੀਆਂ। ਕਾਂਗਰਸ 'ਤੇ ਹਮਲਾ ਕਰਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਇਹ ਕੁਰਸੀ ਲਈ ਲੜਦੇ ਹਨ, ਅਸੀਂ ਤੁਹਾਡੇ ਬੱਚਿਆਂ ਦੇ ਚੰਗੇ ਭਵਿੱਖ ਲਈ ਲੜਦੇ ਹਾਂ। ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਹੈ। ਅਸੀਂ ਚੰਗੇ ਸਕੂਲ ਅਤੇ ਹਸਪਤਾਲ ਬਣਾ ਰਹੇ ਹਾਂ।
ਚੱਬੇਵਾਲ ਵਿੱਚ ਰੈਲੀ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਇਸ਼ਾਂਕ ਇਕ ਨੌਜਵਾਨ ਉਮੀਦਵਾਰ ਹੈ ਜੋ ਸਥਾਨਕ ਮੁੱਦਿਆਂ ਨੂੰ ਸਮਝਦਾ ਹੈ। ਉਸ ਨੇ ਕਿਹਾ ਕਿ ਇਸ਼ਾਂਕ ਨੂੰ ਜਿੱਤ ਦਿਉ ਅਤੇ ਉਹ ਜੋ ਵੀ ਕੰਮ ਮੇਰੇ ਕੋਲ ਲੈ ਕੇ ਆਵੇਗਾ, ਮੈਂ ਉਸ ਨੂੰ ਤੁਰੰਤ ਮਨਜ਼ੂਰੀ ਦੇਵਾਂਗਾ। ਦੱਸ ਦੇਈਏ ਕਿ ਇਸ਼ਾਂਕ ‘ਆਪ’ ਦੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਦਾ ਬੇਟਾ ਹੈ।
The Chief Minister Made A Big Announcement 1100 Rupees Will Be Received Soon