July 24, 2024
Admin / TRADE
ਬਿਜ਼ਨੈੱਸ ਡੈਸਕ : 23 ਜੁਲਾਈ ਨੂੰ ਵਿੱਤ ਮੰਤਰੀ ਸੀਤਾਰਮਨ ਨੇ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ। ਇਸ ਦੌਰਾਨ ਵਿੱਤ ਮੰਤਰੀ ਨੇ ਸੋਨੇ-ਚਾਂਦੀ ਨੂੰ ਲੈ ਕੇ ਵੱਡਾ ਐਲਾਨ ਕਰਦਿਆਂ ਆਮ ਲੋਕਾਂ ਨੂੰ ਤੋਹਫ਼ਾ ਦਿੱਤਾ ਹੈ। ਸੋਨੇ ਅਤੇ ਚਾਂਦੀ 'ਤੇ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ। ਨਿਰਮਲਾ ਸੀਤਾਰਮਨ ਨੇ ਤਾਜ਼ਾ ਬਜਟ ਘੋਸ਼ਣਾ ਵਿਚ ਸੋਨੇ ਅਤੇ ਚਾਂਦੀ 'ਤੇ ਕਸਟਮ ਡਿਊਟੀ ਘਟਾ ਕੇ 6 ਫੀਸਦੀ ਕਰ ਦਿੱਤੀ ਹੈ। ਹੁਣ ਇਸ ਦਾ ਅਸਰ ਬਾਜ਼ਾਰਾਂ ਵਿਚ ਦੇਖਣ ਨੂੰ ਮਿਲਿਆ ਹੈ। ਸੋਨੇ-ਚਾਂਦੀ ਦੀਆਂ ਵਧਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ।
ਸਰਫ ਬਾਜ਼ਾਰਾਂ ਵਿਚ ਸੋਨੇ ਦੀ ਕੀਮਤ 4000 ਰੁਪਏ ਪ੍ਰਤੀ 10 ਗ੍ਰਾਮ ਘੱਟ ਗਈ ਹੈ। ਚਾਂਦੀ ਦੀ ਕੀਮਤ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ ਦੀ ਕੀਮਤ ਵਿਚ ਵੀ 4,800 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। MCX 'ਤੇ ਸੋਨੇ ਦੇ ਫਿਊਚਰਸ ਕਾਰੋਬਾਰ ਦੌਰਾਨ ਮੰਗਲਵਾਰ ਨੂੰ ਸੋਨਾ 72,850 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਸੀ, ਜਦਕਿ ਹੁਣ ਇਹ 68,500 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਪਹੁੰਚ ਗਿਆ ਹੈ। ਯਾਨੀ ਕੁਝ ਹੀ ਘੰਟਿਆਂ ਵਿਚ ਸੋਨੇ ਦੀ ਕੀਮਤ 4,350 ਰੁਪਏ ਪ੍ਰਤੀ 10 ਗ੍ਰਾਮ ਘੱਟ ਗਈ। ਚਾਂਦੀ ਦੀ ਕੀਮਤ 89,015 ਰੁਪਏ ਤੱਕ ਪਹੁੰਚ ਗਈ ਸੀ ਅਤੇ ਹੁਣ ਇਹ ਵੀ 4,740 ਰੁਪਏ ਸਸਤੀ ਹੋ ਕੇ 84,275 ਰੁਪਏ ਪ੍ਰਤੀ ਕਿਲੋ ਦੇ ਪੱਧਰ 'ਤੇ ਪਹੁੰਚ ਗਈ ਹੈ।
ਮਹਾਨਗਰਾਂ ਵਿਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ
ਦਿੱਲੀ ਵਿਚ ਸੋਨਾ 3680 ਰੁਪਏ ਦੀ ਗਿਰਾਵਟ ਨਾਲ ਹੁਣ 22 ਕੈਰੇਟ ਸੋਨੇ ਦੀ ਕੀਮਤ 63,397 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 69,160 ਰੁਪਏ ਪ੍ਰਤੀ ਦਸ ਗ੍ਰਾਮ ਹੈ। ਇਸ ਤਰ੍ਹਾਂ ਚਾਂਦੀ 3590 ਰੁਪਏ ਸਸਤੀ ਹੋ ਕੇ 85,410 ਰੁਪਏ 'ਤੇ ਆ ਗਈ ਹੈ। ਮੁੰਬਈ ਵਿਚ 22 ਕੈਰੇਟ ਸੋਨੇ ਦੀ ਕੀਮਤ 63,507 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 69,280 ਰੁਪਏ ਪ੍ਰਤੀ ਦਸ ਗ੍ਰਾਮ ਹੈ। ਇੱਥੇ ਚਾਂਦੀ 85,560 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਕੋਲਕਾਤਾ ਵਿਚ 22 ਕੈਰੇਟ ਸੋਨੇ ਦੀ ਕੀਮਤ 63,424 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 69,190 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ। ਚਾਂਦੀ ਦੀ ਕੀਮਤ 85,440 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਚੇਨਈ ਵਿਚ 22 ਕੈਰੇਟ ਸੋਨਾ 63,415 ਰੁਪਏ ਅਤੇ 24 ਕੈਰੇਟ ਸੋਨਾ 69,180 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਉਥੇ ਹੀ ਚੇਨਈ ਵਿਚ ਚਾਂਦੀ ਦੀ ਕੀਮਤ 85,510 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ।
After The Budget The Price Of Gold Has Fallen It Has Become Cheaper By 4 Thousand Rupees