August 31, 2023

LPTV / Chandigarh
ਵਿਦੇਸ਼ ਡੈਸਕ: ਅਮਰੀਕਾ ਦੇ ਫਲੋਰੀਡਾ ਦੇ ਤੱਟ 'ਚ ਭਿਆਨਕ ਤੂਫਾਨ ਇਡਾਲੀਆ ਟਕਰਾਇਆ, ਜਿਸ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸੜਕਾਂ 'ਤੇ ਪਾਣੀ ਭਰ ਗਿਆ ਹੈ, ਜਿਸ ਵਿਚ ਕਾਰਾਂ ਵਰਗੇ ਵਾਹਨ ਕਿਸ਼ਤੀਆਂ ਵਾਂਗ ਤੈਰਦੇ ਨਜ਼ਰ ਆ ਰਹੇ ਹਨ। ਸਥਾਨਕ ਲੋਕਾਂ ਨੇ ਸੁਰੱਖਿਅਤ ਥਾਵਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਪੇਰੀ ਸ਼ਹਿਰ ਦੇ ਨਿਵਾਸੀ ਬੇਲੋਂਡ ਥਾਮਸ ਨੇ ਕਿਹਾ ਕਿ ਸਾਡੇ 'ਤੇ ਕਹਿਰ ਟੁੱਟ ਪਿਆ ਹੈ। ਖ਼ਤਰਨਾਕ ਸ਼੍ਰੇਣੀ 3 ਦੇ ਤੂਫ਼ਾਨ 'ਇਡਾਲੀਆ' ਨੇ ਬੁੱਧਵਾਰ ਸਵੇਰੇ 7:45 'ਤੇ ਕੀਟਨ ਬੀਚ ਨੇੜੇ 205 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਨਾਲ ਦਸਤਕ ਦਿੱਤੀ। ਹਾਲਾਂਕਿ ਦੁਪਹਿਰ ਨੂੰ ਤੂਫ਼ਾਨ ਕੁੱਝ ਕਮਜ਼ੋਰ ਪੈ ਗਿਆ ਅਤੇ ਹਵਾਵਾਂ ਦੀ ਰਫ਼ਤਾਰ 113 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ। ਤੇਜ਼ ਹਵਾਵਾਂ ਦੇ ਅਸਰ ਨਾਲ ਘਰਾਂ ਦੀਆਂ ਛੱਤਾਂ ਅਤੇ ਦਰਖਤ ਉਖੜ ਗਏ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਕਿਹਾ ਕਿ ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਰਾਹਤ ਦੀ ਗੱਲ ਇਹ ਰਹੀ ਕਿ ਪਿਛਲੇ ਸਾਲ ਫੋਰਟ ਮਾਇਰਸ ਖੇਤਰ ਵਿਚ ਆਏ ਤੂਫ਼ਾਨ 'ਇਆਨ' ਦੀ ਤਰ੍ਹਾਂ 'ਇਡਾਲੀਆ' ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਲੋਰੀਡਾ ਵਿਚ ਜਿਸ ਖੇਤਰ ਨਾਲ ਤੂਫ਼ਾਨ ਟਕਰਾਇਆ, ਉਥੋਂ ਦੀ ਆਬਾਦੀ ਕਾਫ਼ੀ ਘੱਟ ਹੈ ਅਤੇ ਇਹ ਸੂਬੇ ਦੇ ਪੇਂਡੂ ਖੇਤਰਾਂ ਵਿਚੋਂ ਇਕ ਹੈ।
USA NEWS Hurricane Idalia hit the coast of Florida causing destruction
