April 18, 2025

ਅੰਮ੍ਰਿਤਸਰ, 18 ਅਪ੍ਰੈਲ 2025: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਨਾਰਕੋ-ਅੱ.ਤ.ਵਾ.ਦ ਨੈੱਟਵਰਕ ਦਾ ਪਰਦਾਫਾਸ਼ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਂਚ ਦੌਰਾਨ ਪੁਲਿਸ ਨੇ ਇੱਕ ਹੈਂਡ ਗ੍ਰਨੇਡ, 183 ਗ੍ਰਾਮ ਹੈਰੋਇਨ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਇਹ ਬਰਾਮਦਗੀ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਮੁਲਜ਼ਮ ਬਲਜਿੰਦਰ ਸਿੰਘ ਤੋਂ ਪੁੱਛਗਿੱਛ ਦੌਰਾਨ ਹੋਈ ਹੈ। ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ 'ਤੇ ਇੱਕ ਪੋਸਟ ਰਾਹੀਂ ਸਾਂਝੀ ਕੀਤੀ।
ਇਹ ਬਰਾਮਦਗੀ ਬਲਜਿੰਦਰ ਸਿੰਘ ਦੇ ਖੁਲਾਸੇ 'ਤੇ ਕੀਤੀ ਗਈ ਹੈ, ਜੋ ਕਿ 11-04-2025 ਨੂੰ ਪੁਲਿਸ ਥਾਣਾ ਰਾਮਦਾਸ ਵਿਖੇ ਅਸਲਾ ਐਕਟ ਅਤੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਐਫਆਈਆਰ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ 'ਚੋਂ ਇੱਕ ਹੈ। ਇਸ ਤੋਂ ਪਹਿਲਾਂ, ਪੁਲਿਸ ਨੇ ਸਹਿ-ਮੁਲਜ਼ਮ ਪਲਵਿੰਦਰ ਸਿੰਘ ਉਰਫ਼ ਪਾਲਾ ਦੇ ਖੁਲਾਸੇ 'ਤੇ ਇੱਕ ਗਲੌਕ ਪਿਸਤੌਲ ਅਤੇ 523 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜਿਸਨੇ ਪੁਲਿਸ ਟੀਮ 'ਤੇ ਗੋਲੀਬਾਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਜਵਾਬੀ ਗੋਲੀਬਾਰੀ 'ਚ ਜ਼ਖਮੀ ਹੋ ਗਿਆ ਸੀ।
ਉਕਤ ਮਾਮਲੇ 'ਚ ਕੁੱਲ ਜ਼ਬਤ ਕੀਤੇ ਸਾਮਾਨ ਵਿੱਚ ਇੱਕ ਹੈਂਡ ਗ੍ਰਨੇਡ (ਬੰ.ਬ ਨਿਰੋਧਕ ਦਸਤੇ ਦੁਆਰਾ ਸੁਰੱਖਿਅਤ ਢੰਗ ਨਾਲ ਨਕਾਰਾ ਕੀਤਾ ਗਿਆ), 606 ਗ੍ਰਾਮ ਹੈਰੋਇਨ ਅਤੇ ਮੈਗਜ਼ੀਨਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਦੋ ਪਿਸਤੌਲ ਸ਼ਾਮਲ ਹਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਗੈਂਗਸਟਰ ਹੈਪੀ ਪਾਸੀਅਨ ਦੇ ਸਿੱਧੇ ਸੰਪਰਕ 'ਚ ਸਨ ਅਤੇ ਹਾਲ ਹੀ 'ਚ ਅਰਮੀਨੀਆ ਤੋਂ ਵਾਪਸ ਆਉਣ ਤੋਂ ਬਾਅਦ ਉਸਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਪੰਜਾਬ 'ਚ ਨਿਸ਼ਾਨਾ ਬਣਾ ਕੇ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ।
Amritsar Police Busts Narco terrorist Network Recovers 183 Grams Heroin Arms