February 11, 2025

Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਹਿੱਤ ਵਿਚ ਕੰਮ ਕਰ ਰਹੀ ਹੈ। ਅਸੀਂ ਪੰਜਾਬ ਨੂੰ ਅਜਿਹਾ ਮਾਡਲ ਬਣਾਵਾਂਗੇ ਕਿ ਪੂਰਾ ਦੇਸ਼ ਦੇਖੇਗਾ। ਪੰਜਾਬ ਨੂੰ ਪੂਰੇ ਦੇਸ਼ ਲਈ ਮਾਡਲ ਦਾ ਸੂਬਾ ਬਣਾਵਾਂਗੇ। ਅਸੀਂ ਪੰਜਾਬ ਦੇ ਸਕੂਲਾਂ ਅਤੇ ਹਸਪਤਾਲਾਂ ਦੀ ਕਾਇਆ ਕਲਪ ਕੀਤੀ। ਦਿੱਲੀ ਦੀ ਟੀਮ ਦਾ ਤਜਰਬਾ ਪੰਜਾਬ ਵਿਚ ਵੀ ਵਰਤਿਆ ਜਾਵੇਗਾ। ਬਾਜਵਾ ਦੇ ਬਿਆਨ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀ ਆਗੂਆਂ ਕੋਲ ਕੁਝ ਨਹੀਂ ਹੈ। ਉਨ੍ਹਾਂ ਨੂੰ ਕਹਿਣ ਦਿਓ ਜੋ ਕਹਿ ਰਹੇ ਹਨ। ਉਨ੍ਹਾਂ ਤੋਂ ਪੁੱਛੋ ਉਹ ਦਿੱਲੀ ਵਿਚ ਆਪਣੇ ਵਿਧਾਇਕਾਂ ਦੀ ਗਿਣਤੀ ਕਰ ਲੈਣ।
ਮਾਨ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
ਭਗਵੰਤ ਮਾਨ ਨੇ ਕਿਹਾ ਕਿ ਅਸੀਂ ਤਿੰਨ ਸਾਲਾਂ ਵਿਚ ਪੰਜਾਬ ਵਿਚ ਹਜ਼ਾਰਾਂ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹਨ। ਮਾਨ ਨੇ ਕਿਹਾ ਕਿ ਤਿੰਨ ਸਾਲਾਂ ਵਿਚ ਅਸੀਂ 50 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਉਹ ਵੀ ਬਿਨਾਂ ਭ੍ਰਿਸ਼ਟਾਚਾਰ ਦੇ। ਇਕ ਘਰ ਵਿਚ 2-3 ਨੌਕਰੀਆਂ ਵੀ ਮਿਲੀਆਂ ਹਨ। ਦਿੱਲੀ ਚੋਣਾਂ ਵਿਚ ਪਾਰਟੀ ਦੀ ਹਾਰ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਨੇ ਦਿੱਲੀ 'ਚ ਪੈਸੇ ਵੰਡੇ। ਭਾਜਪਾ ਨੇ ਗੁੰਡਾਗਰਦੀ ਕੀਤੀ। ਮਾਨ ਨੇ ਕਿਹਾ ਕਿ ਚੋਣਾਂ 'ਚ ਜਿੱਤ-ਹਾਰ ਹੁੰਦੀ ਰਹਿੰਦੀ ਹੈ। ਦੱਸਣਯੋਗ ਹੈ ਕਿ 11 ਫਰਵਰੀ ਨੂੰ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ-ਐਮਪੀਜ਼ ਨਾਲ ਮੀਟਿੰਗ ਹੋਈ। ਮੀਟਿੰਗ ਵਿਚ ਪੰਜਾਬ ‘ਆਪ’ ਜਥੇਬੰਦੀ ਦੇ ਮੰਤਰੀ ਵੀ ਹਾਜ਼ਰ ਸਨ।
ਆਮ ਆਦਮੀ ਪਾਰਟੀ ਦੇ ਸੂਤਰਾਂ ਅਨੁਸਾਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੋਂ ਇਲਾਵਾ ਸਰਹੱਦੀ ਪੱਟੀ ਦੇ ਕਈ ਵਿਧਾਇਕ ਅਜਿਹੇ ਹਨ ਜੋ ਪਿਛਲੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਾਰਾਜ਼ ਚੱਲ ਰਹੇ ਹਨ। ਮੁੱਖ ਮੰਤਰੀ ਤੋਂ ਨਾਰਾਜ਼ ਵਿਧਾਇਕਾਂ ਦੀ ਗਿਣਤੀ 17-18 ਦੇ ਕਰੀਬ ਹੈ। ਇਹ ਨਾਰਾਜ਼ ਵਿਧਾਇਕ ਅਰਵਿੰਦ ਕੇਜਰੀਵਾਲ ਨਾਲ ਵੱਖਰੇ ਤੌਰ 'ਤੇ ਮੁਲਾਕਾਤ ਕਰ ਸਕਦੇ ਹਨ। ਇਸ ਕਾਰਨ ਪੰਜਾਬ ਦੀ ਸਿਆਸਤ ਗਰਮਾ ਗਈ ਹੈ।
ਪੰਜਾਬ ਦੀਆਂ 117 ਸੀਟਾਂ 'ਚੋਂ 'ਆਪ' ਦੇ ਹਨ 94 ਵਿਧਾਇਕ
ਜਾਣਕਾਰੀ ਅਨੁਸਾਰ ਇਸ ਸਮੇਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ 94 ਵਿਧਾਇਕ ਹਨ। ਪੰਜਾਬ ਵਿਚ ਵਿਧਾਇਕਾਂ ਦੀ ਕੁੱਲ ਗਿਣਤੀ 117 ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਸੀ। ਕੇਜਰੀਵਾਲ ਦੇ ਵਿਸ਼ਵਾਸਪਾਤਰ ਮੰਨੇ ਜਾਂਦੇ ਭਗਵੰਤ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ।
Chief Minister Bhagwant Mann s Big Statement After Meeting Kejriwal In Delhi Targeting BJP
