July 6, 2026
ਇਟਲੀ 'ਚ ਪੰਜਾਬੀ ਮੂਲ ਦੀ ਧੀ ਨੇ ਰਚਿਆ ਇਤਿਹਾਸ, ਹਰਪ੍ਰੀਤ ਕੌਰ ਨੂੰ ਸਨ ਬੋਨੀਫਾਚੋ ਪੁਲਿਸ ਸਟੇਸ਼ਨ 'ਚ ਮਿਲੀ ਅਹਿਮ ਜ਼ਿੰਮੇਵਾਰੀ
ਵੈਰੋਨਾ/ਇਟਲੀ: ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨਾਲ ਸਬੰਧਤ ਪਰਿਵਾਰ ਦੀ ਧੀ ਹਰਪ੍ਰੀਤ ਕੌਰ ਨੇ ਇਟਲੀ ਦੇ ਪੁਲਿਸ ਵਿਭਾਗ ਵਿੱਚ ਇੱਕ ਹੋਰ ਵੱਡੀ ਉਪਲਬਧੀ ਹਾਸਲ ਕਰਦਿਆਂ ਸਨ ਬੋਨੀਫਾਚੋ ਪੁਲਿਸ ਸਟੇਸ਼ਨ ਵਿੱਚ ਅਹਿਮ ਡਿਊਟੀ ਸੰਭਾਲ ਲਈ ਹੈ।
ਹਰਪ੍ਰੀਤ ਕੌਰ ਦਾ ਜਨਮ ਅਤੇ ਪਾਲਣ-ਪੋਸ਼ਣ ਇਟਲੀ ਵਿੱਚ ਹੋਇਆ। ਉਹ ਸਵਰਗੀ ਹਰਦੀਪ ਸਿੰਘ ਅਤੇ ਬਲਵਿੰਦਰ ਕੌਰ ਦੀ ਹੋਣਹਾਰ ਧੀ ਹੈ। ਬਚਪਨ ਤੋਂ ਹੀ ਉੱਚੇ ਸੁਪਨੇ ਦੇਖਣ ਵਾਲੀ ਹਰਪ੍ਰੀਤ ਨੇ ਕਾਨੂੰਨ ਦੀ ਪੜ੍ਹਾਈ ਵਿੱਚ ਉੱਚ ਡਿਗਰੀ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਇਟਾਲੀਅਨ ਮਿਲਟਰੀ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾਈਆਂ।
ਉਨ੍ਹਾਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਉਸ ਵੇਲੇ ਸਾਹਮਣੇ ਆਇਆ ਜਦੋਂ ਕਈ ਸਖ਼ਤ ਪ੍ਰੀਖਿਆਵਾਂ ਅਤੇ ਚੋਣ ਪ੍ਰਕਿਰਿਆਵਾਂ ਪਾਰ ਕਰਨ ਮਗਰੋਂ ਸਾਲ2022 ਵਿੱਚ ਉਨ੍ਹਾਂ ਦੀ ਚੋਣ ਇਟਲੀ ਪੁਲਿਸ ਲਈ ਹੋਈ। ਲੰਬੇ ਸਮੇਂ ਦੀ ਟ੍ਰੇਨਿੰਗ ਅਤੇ ਵੱਖ-ਵੱਖ ਪੇਸ਼ੇਵਰ ਪੜਾਵਾਂ ਨੂੰ ਸਫ਼ਲਤਾਪੂਰਵਕ ਪਾਰ ਕਰਦੇ ਹੋਏ ਹੁਣ ਉਨ੍ਹਾਂ ਨੂੰ ਸਨ ਬੋਨੀਫਾਚੋ ਪੁਲਿਸ ਸਟੇਸ਼ਨ ਵਿੱਚ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ।
ਮੌਜੂਦਾ ਸਮੇਂ ਹਰਪ੍ਰੀਤ ਕੌਰ ਆਪਣੇ ਪਤੀ ਅੰਮ੍ਰਿਤਪਾਲ ਸਿੰਘ ਸੰਧੂ ਨਾਲ ਵਿਚੈਂਸਾ ਨੇੜਲੇ ਆਰਜ਼ਿਨਿਆਨੋ ਸ਼ਹਿਰ ਵਿੱਚ ਰਹਿ ਰਹੀ ਹੈ। ਅੰਮ੍ਰਿਤਪਾਲ ਸਿੰਘ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਮਾਧੋ ਨਾਲ ਸਬੰਧ ਰੱਖਦੇ ਹਨ।
ਹਰਪ੍ਰੀਤ ਕੌਰ ਦੀ ਇਸ ਨਿਯੁਕਤੀ ਨੂੰ ਇਟਲੀ ਵਿੱਚ ਵਸਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਲਈ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਸਥਾਨਕ ਪ੍ਰਸ਼ਾਸਨ, ਪੁਲਿਸ ਅਧਿਕਾਰੀਆਂ ਅਤੇ ਨਵੇਂ ਮੇਅਰ ਲਿਓਨਾਰਦੋ ਫਰੀਗੋ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਹਰਪ੍ਰੀਤ ਕੌਰ ਦੀ ਇਹ ਸਫ਼ਲਤਾ ਨਾ ਸਿਰਫ਼ ਪੰਜਾਬੀ ਨੌਜਵਾਨਾਂ ਲਈ ਪ੍ਰੇਰਣਾ ਹੈ, ਸਗੋਂ ਇਹ ਸਾਬਤ ਕਰਦੀ ਹੈ ਕਿ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਕਿਸੇ ਵੀ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ।
Harpreet Kaur Appointed To Key Role At San Bonifacio Police Station