July 6, 2026
ਅਮਰੀਕਾ ਦੀ 250ਵੀਂ ਆਜ਼ਾਦੀ ਵਰ੍ਹੇਗੰਢ ਮੌਕੇ ਫਰੀਮਾਂਟ ਦੀ ਸ਼ਾਨਦਾਰ ਪਰੇਡ ਵਿੱਚ ਸਿੱਖ ਭਾਈਚਾਰੇ ਦੀ ਪ੍ਰਭਾਵਸ਼ਾਲੀ ਸ਼ਮੂਲੀਅਤ
ਫਰੀਮਾਂਟ (ਕੈਲੀਫ਼ੋਰਨੀਆ) – (ਗੁਰਪ੍ਰੀਤ ਸਿੰਘ ਧੰਜੂ)ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਮੌਕੇ ’ਤੇ ਬੇ ਏਰੀਆ ਦੇ ਸ਼ਹਿਰ ਫਰੀਮਾਂਟ ਵਿੱਚ ਵਿਸ਼ਾਲ ਅਤੇ ਸ਼ਾਨਦਾਰ ਆਜ਼ਾਦੀ ਦਿਵਸ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਰੰਗਾਰੰਗ ਪਰੇਡ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਹਜ਼ਾਰਾਂ ਲੋਕਾਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਦੇਸ਼ ਦੀ ਏਕਤਾ, ਵਿਭਿੰਨਤਾ ਅਤੇ ਆਜ਼ਾਦੀ ਦੇ ਮੁੱਲਾਂ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ।
ਫਰੀਮਾਂਟ ਅਤੇ ਆਸ-ਪਾਸ ਦੇ ਇਲਾਕਿਆਂ ਦੀ ਸਿੱਖ ਸੰਗਤ ਨੇ ਵੀ ਪਰੇਡ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਿੱਖ ਸੰਗਤ ਬੇ ਏਰੀਆ ਦੀ ਟੀਮ ਨੇ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ ਆਪਣੀ ਅਨੁਸ਼ਾਸਿਤ, ਜੋਸ਼ੀਲੀ ਅਤੇ ਪ੍ਰਭਾਵਸ਼ਾਲੀ ਹਾਜ਼ਰੀ ਨਾਲ ਸਿੱਖ ਭਾਈਚਾਰੇ ਦੀ ਵਿਲੱਖਣ ਪਛਾਣ ਨੂੰ ਉਭਾਰਿਆ ਅਤੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਸੰਗਤ ਦੇ ਨੁਮਾਇੰਦਿਆਂ ਨੇ ਕਿਹਾ ਕਿ ਅਮਰੀਕਾ ਨੇ ਸਿੱਖ ਭਾਈਚਾਰੇ ਨੂੰ ਧਾਰਮਿਕ ਆਜ਼ਾਦੀ, ਬਰਾਬਰੀ, ਸਨਮਾਨ ਅਤੇ ਤਰੱਕੀ ਦੇ ਅਨੇਕ ਮੌਕੇ ਪ੍ਰਦਾਨ ਕੀਤੇ ਹਨ। ਇਸ ਲਈ ਇਸ ਮਹਾਨ ਦੇਸ਼ ਦੇ ਰਾਸ਼ਟਰੀ ਤਿਉਹਾਰਾਂ ਅਤੇ ਆਜ਼ਾਦੀ ਦੇ ਜਸ਼ਨਾਂ ਵਿੱਚ ਸ਼ਾਮਲ ਹੋਣਾ ਹਰ ਸਿੱਖ ਅਤੇ ਹਰ ਨਾਗਰਿਕ ਦਾ ਫ਼ਰਜ਼ ਬਣਦਾ ਹੈ।
ਇਸ ਮੌਕੇ ਯੂਨੀਅਨ ਸਿਟੀ ਦੇ ਮੇਅਰ ਸਰਦਾਰ ਗੈਰੀ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰ ਕੇ ਸਿੱਖ ਭਾਈਚਾਰੇ ਨਾਲ ਆਜ਼ਾਦੀ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਸਿੱਖ ਸੰਗਤ ਬੇ ਏਰੀਆ ਵੱਲੋਂ ਮੇਅਰ ਗੈਰੀ ਸਿੰਘ ਦਾ ਦਿਲੋਂ ਧੰਨਵਾਦ ਕਰਦਿਆਂ ਭਾਈਚਾਰਕ ਏਕਤਾ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਪਰੇਡ ਦੌਰਾਨ ਸਿੱਖ ਭਾਈਚਾਰੇ ਦੀ ਉਤਸ਼ਾਹਪੂਰਣ ਭਾਗੀਦਾਰੀ ਨੇ ਇਹ ਸੰਦੇਸ਼ ਦਿੱਤਾ ਕਿ ਸਿੱਖ ਸਮਾਜ ਅਮਰੀਕਾ ਦੀ ਤਰੱਕੀ, ਏਕਤਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਹਰ ਰਾਸ਼ਟਰੀ ਮੌਕੇ ’ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦਾ ਹੈ।
Sikh Community Makes Strong Presence At Fremont