July 7, 2026
ਕੈਂਟ (ਵਾਸ਼ਿੰਗਟਨ) ਦੇ 19 ਸਾਲਾ ਹਰਸ਼ਵੀਰ ਸਿੰਘ ਸੁੱਜੋਂ ਨੇ ਅਮਰੀਕਾ ਦੀ ਕੁਦਰਤੀ ਬਾਡੀਬਿਲਡਿੰਗ ਚੈਂਪੀਅਨਸ਼ਿਪ ਵਿੱਚ ਜਿੱਤੇ ਤਗਮੇ
ਕੈਂਟ, ਵਾਸ਼ਿੰਗਟਨ (ਗੁਰਪ੍ਰੀਤ ਸਿੰਘ ਧੰਜੂ): ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਸ਼ਹਿਰ ਕੈਂਟ ਵਿੱਚ ਰਹਿੰਦੇ19ਸਾਲਾ ਹਰਸ਼ਵੀਰ ਸਿੰਘ ਸੁੱਜੋਂ, ਜੋ ਸੁਰਜੀਤ ਸਿੰਘ ਅਤੇ ਅਕਵਿੰਦਰ ਕੌਰ ਦੇ ਸਪੁੱਤਰ ਹਨ ਅਤੇ ਮੂਲ ਰੂਪ ਵਿੱਚ ਪਿੰਡ ਸੁੱਜੋਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਪੰਜਾਬ ਨਾਲ ਸਬੰਧ ਰੱਖਦੇ ਹਨ, ਨੇ ਅਮਰੀਕਾ ਵਿੱਚ ਹੋਏ ਓ.ਸੀ.ਬੀ. (ਆਰਗੇਨਾਈਜ਼ੇਸ਼ਨ ਆਫ਼ ਕੰਪੀਟੇਟਿਵ ਬਾਡੀਬਿਲਡਰਜ਼) ਕੁਦਰਤੀ ਬਾਡੀਬਿਲਡਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।
ਵਿਲੀਅਮਜ਼ਬਰਗ, ਵਰਜੀਨੀਆ ਵਿੱਚ ਕਰਵਾਏ ਗਏOCB Colonial ਮੁਕਾਬਲੇ ਵਿੱਚ ਹਰਸ਼ਵੀਰ ਸਿੰਘ ਨੇ ਆਪਣੇ ਬਾਡੀਬਿਲਡਿੰਗ ਕਰੀਅਰ ਦੇ ਪਹਿਲੇ ਹੀ ਮੁਕਾਬਲੇ ਵਿੱਚ ਤਿੰਨ ਵੱਖ-ਵੱਖ ਵਰਗਾਂ ਵਿੱਚ ਹਿੱਸਾ ਲਿਆ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।
ਉਨ੍ਹਾਂ ਨੇ ਨੋਵਿਸ ਵਰਗ ਵਿੱਚ ਪਹਿਲਾ ਸਥਾਨ (ਸੋਨ ਤਗਮਾ) ਹਾਸਲ ਕੀਤਾ, ਜਦਕਿ ਟੀਨ ਵਰਗ ਵਿੱਚ ਦੂਜਾ ਸਥਾਨ (ਚਾਂਦੀ ਦਾ ਤਗਮਾ) ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਇੱਕ ਹੋਰ ਵਰਗ ਵਿੱਚ ਤੀਜਾ ਸਥਾਨ (ਕਾਂਸੀ ਦਾ ਤਗਮਾ) ਪ੍ਰਾਪਤ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
ਸਿਰਫ਼19ਸਾਲ ਦੀ ਉਮਰ ਵਿੱਚ ਹਰਸ਼ਵੀਰ ਸਿੰਘ ਦੀ ਇਹ ਪ੍ਰਾਪਤੀ ਉਸ ਦੀ ਸਖ਼ਤ ਮਿਹਨਤ, ਅਨੁਸ਼ਾਸਿਤ ਜੀਵਨ-ਸ਼ੈਲੀ, ਨਿਯਮਤ ਸਿਖਲਾਈ ਅਤੇ ਕੁਦਰਤੀ ਢੰਗ ਨਾਲ ਕੀਤੀ ਤਿਆਰੀ ਦਾ ਨਤੀਜਾ ਹੈ। ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਤਿੰਨ ਵਰਗਾਂ ਵਿੱਚ ਤਗਮੇ ਜਿੱਤ ਕੇ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਭਵਿੱਖ ਵਿੱਚ ਉਹ ਕੁਦਰਤੀ ਬਾਡੀਬਿਲਡਿੰਗ ਦੇ ਖੇਤਰ ਵਿੱਚ ਉੱਚੀਆਂ ਉਡਾਰੀਆਂ ਭਰਨ ਦੀ ਪੂਰੀ ਸਮਰੱਥਾ ਰੱਖਦਾ ਹੈ।
ਹਰਸ਼ਵੀਰ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਵਾਸ਼ਿੰਗਟਨ ਵੱਸਦੇ ਪੰਜਾਬੀ ਭਾਈਚਾਰੇ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਵਧਾਈ ਦਿੱਤੀ ਹੈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਜੀਆਂ ਹਨ।
19 Year Old Harshveer Singh Sujjon