October 24, 2024

Admin / Sports
ਲਾਈਵ ਪੰਜਾਬੀ ਟੀਵੀ ਬਿਊਰੋ : ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਉਨ੍ਹਾਂ ਦੇ 16 ਸਾਲਾਂ ਦੇ ਇਤਿਹਾਸਕ ਕਰੀਅਰ ਦਾ ਅੰਤ ਹੋ ਗਿਆ ਹੈ। 2008 ਵਿਚ 14 ਸਾਲ ਦੀ ਉਮਰ ਵਿਚ ਓਲੰਪਿਕ ਕੁਆਲੀਫਾਇਰ ਵਿਚ ਆਪਣਾ ਡੈਬਿਊ ਕਰਨ ਵਾਲੀ ਰਾਣੀ ਨੇ ਭਾਰਤ ਲਈ 254 ਮੈਚਾਂ ਵਿਚ 205 ਗੋਲ ਕੀਤੇ। ਰਾਣੀ ਹਰਿਆਣਾ ਦੀ ਰਹਿਣ ਵਾਲੀ ਹੈ।
ਰਾਣੀ ਨੇ ਇਕ ਨਿਊਜ਼ ਕਾਨਫਰੰਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਇੱਕ ਸ਼ਾਨਦਾਰ ਯਾਤਰਾ ਰਹੀ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇੰਨੇ ਲੰਬੇ ਸਮੇਂ ਤੱਕ ਭਾਰਤ ਲਈ ਖੇਡਾਂਗੀ। ਮੈਂ ਬਚਪਨ ਤੋਂ ਹੀ ਬਹੁਤ ਗਰੀਬੀ ਦੇਖੀ ਹੈ ਪਰ ਮੇਰਾ ਧਿਆਨ ਹਮੇਸ਼ਾ ਦੇਸ਼ ਦੀ ਪ੍ਰਤੀਨਿਧਤਾ ਕਰਨ 'ਤੇ ਸੀ।
ਦੱਸਣਯੋਗ ਹੈ ਕਿ ਰਾਣੀ ਦੀ ਕਪਤਾਨੀ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ 2020 ਵਿਚ ਇਤਿਹਾਸਿਕ ਚੌਥਾ ਸਥਾਨ ਹਾਸਿਲ ਕੀਤਾ, ਜੋ ਟੀਮ ਦੀ ਹੁਣ ਤੱਕ ਦੀ ਸਭ ਤੋਂ ਉੱਚੀ ਓਲੰਪਿਕ ਰੈਂਕਿੰਗ ਹੈ। ਇਸ ਤੋਂ ਇਲਾਵਾ, ਉਸਨੇ ਕਈ ਵੱਡੀਆਂ ਜਿੱਤਾਂ ਵਿਚ ਮੁੱਖ ਭੂਮਿਕਾ ਨਿਭਾਈ ਹੈ, ਜਿਸ ਵਿਚ 2017 ਮਹਿਲਾ ਏਸ਼ੀਅਨ ਕੱਪ ਵਿਚ ਚਾਂਦੀ ਦਾ ਤਗਮਾ ਅਤੇ 2018 ਦੀਆਂ ਏਸ਼ਿਆਈ ਖੇਡਾਂ ਵਿਚ ਚਾਂਦੀ ਦਾ ਤਗਮਾ ਸ਼ਾਮਲ ਹੈ।
2016 'ਚ ਮਿਲਿਆ ਅਰਜੁਨ ਐਵਾਰਡ
ਰਾਣੀ ਨੂੰ 2016 ਵਿਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 2020 ਵਿਚ, ਉਸਨੂੰ ਭਾਰਤ ਦਾ ਸਰਵਉੱਚ ਖੇਡ ਪੁਰਸਕਾਰ ਮੇਜਰ ਧਿਆਨ ਚੰਦ ਖੇਲ ਰਤਨ ਅਤੇ ਚੌਥਾ ਸਭ ਤੋਂ ਉੱਚਾ ਭਾਰਤੀ ਰਾਸ਼ਟਰੀ ਪੁਰਸਕਾਰ ਪਦਮ ਸ਼੍ਰੀ ਮਿਲਿਆ। ਰਾਣੀ ਨੂੰ 2010 ਦੇ ਮਹਿਲਾ ਹਾਕੀ ਵਿਸ਼ਵ ਕੱਪ ਵਿਚ ਟੂਰਨਾਮੈਂਟ ਦੀ ਯੰਗ ਪਲੇਅਰ ਅਤੇ 2013 ਜੂਨੀਅਰ ਵਿਸ਼ਵ ਕੱਪ ਵਿਚ ਟੂਰਨਾਮੈਂਟ ਦੀ ਪਲੇਅਰ ਆਫ ਦਿ ਟੂਰਨਾਮੈਂਟ ਚੁਣਿਆ ਗਿਆ ਸੀ।
Rani Rampal The Former Captain Of The Indian Women s Hockey Team Has Retired
