April 18, 2025

18 ਅਪ੍ਰੈਲ 2025: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦੇਸ਼ ਦੇ ਸਾਰੇ ਲੁਕੇ ਹੋਏ ਨਕਸਲੀਆਂ ਨੂੰ ਛੇਤੀ ਤੋਂ ਛੇਤੀ ਆਤਮ ਸਮਰਪਣ ਕਰਨ ਅਤੇ ਸਰਕਾਰ ਦੀ ਆਤਮ ਸਮਰਪਣ ਨੀਤੀ ਅਪਣਾ ਕੇ ਮੁੱਖ ਧਾਰਾ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ 31 ਮਾਰਚ, 2026 ਤੱਕ ਭਾਰਤ ਨੂੰ ਨਕਸਲਵਾਦ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਲਈ ਦ੍ਰਿੜ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਾਣਕਾਰੀ ਦਿੱਤੀ ਕਿ ਕੋਬਰਾ ਕਮਾਂਡੋਜ਼ ਅਤੇ ਛੱਤੀਸਗੜ੍ਹ ਪੁਲਿਸ ਨੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਕੀਤੇ ਆਪਰੇਸ਼ਨਾਂ 'ਚ 22 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ ਆਧੁਨਿਕ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਸੁਕਮਾ ਜ਼ਿਲ੍ਹੇ ਦੀ ਬੜੇਸੱਤੀ ਪੰਚਾਇਤ 'ਚ 11 ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਇਸ ਆਤਮ ਸਮਰਪਣ ਤੋਂ ਬਾਅਦ, ਇਹ ਪੰਚਾਇਤ ਹੁਣ ਪੂਰੀ ਤਰ੍ਹਾਂ ਨਕਸਲ ਮੁਕਤ ਹੋ ਗਈ ਹੈ।
ਜਿਕਰਯੋਗ ਹੈ ਕਿ ਗ੍ਰਹਿ ਮੰਤਰੀ ਨੇ ਇੱਕ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਨੀਮਚ 'ਚ ਸੀਆਰਪੀਐਫ ਸਥਾਪਨਾ ਦਿਵਸ ਪ੍ਰੋਗਰਾਮ ਦੌਰਾਨ ਵੀ ਕਿਹਾ ਸੀ ਕਿ ਹੁਣ ਨਕਸਲਵਾਦ ਸਿਰਫ਼ ਚਾਰ ਜ਼ਿਲ੍ਹਿਆਂ ਤੱਕ ਸੀਮਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ 400 ਤੋਂ ਵੱਧ ਫਾਰਵਰਡ ਓਪਰੇਟਿੰਗ ਬੇਸ ਸਥਾਪਤ ਕੀਤੇ ਗਏ ਹਨ, ਜਿਸ ਨਾਲ ਨਕਸਲ ਪ੍ਰਭਾਵਿਤ ਖੇਤਰਾਂ 'ਚ ਹਿੰਸਾ 70% ਤੋਂ ਵੱਧ ਘਟੀ ਹੈ। ਉਨ੍ਹਾਂ ਕਿਹਾ, 'ਹੁਣ ਅਸੀਂ ਨਕਸਲਵਾਦ ਦੇ ਖਾਤਮੇ ਦੇ ਬਹੁਤ ਨੇੜੇ ਹਾਂ।'
Union home minister amit shah s appeal to hidden naxalites