July 30, 2026
ਸਿਆਟਲ ਦੇ ‘ਬਾਈਟ ਆਫ਼ ਸਿਆਟਲ ’ ਮੇਲੇ ਵਿੱਚ ਗੋਲੀਬਾਰੀ: ਤਿੰਨ ਮੌਤਾਂ, ਚਾਰ ਜ਼ਖ਼ਮੀ, ਗੈਂਗ ਰੰਜਿਸ਼ ਦਾ ਸ਼ੱਕ
ਸਿਆਟਲ, ਵਾਸ਼ਿੰਗਟਨ :ਸਿਆਟਲ ਦੇ ਮਸ਼ਹੂਰ ‘ਬਾਈਟ ਆਫ਼ ਸਿਆਟਲ’ ਮੇਲੇ ਦੌਰਾਨ ਐਤਵਾਰ ਸ਼ਾਮ ਹੋਈ ਗੋਲੀਬਾਰੀ ਦੀ ਜਾਂਚ ਵਿੱਚ ਨਵੇਂ ਖੁਲਾਸੇ ਹੋਏ ਹਨ। ਪੁਲਿਸ ਦਾ ਮੰਨਣਾ ਹੈ ਕਿ ਘਟਨਾ ਵਿੱਚ ਘੱਟੋ-ਘੱਟ ਤਿੰਨ ਹਥਿਆਰਬੰਦ ਸ਼ਾਮਲ ਸਨ ਅਤੇ ਇਹ ਵਾਰਦਾਤ ਸੰਭਾਵਤ ਤੌਰ ’ਤੇ ਗੈਂਗਾਂ ਦੀ ਆਪਸੀ ਰੰਜਿਸ਼ ਦਾ ਨਤੀਜਾ ਸੀ।
ਸਿਆਟਲ ਪੁਲਿਸ ਅਨੁਸਾਰ, ਦੋ ਗਰੁੱਪਾਂ ਵਿਚਾਲੇ ਹੋਈ ਗੋਲੀਬਾਰੀ ਵਿੱਚ 19 ਸਾਲਾ ਜੂਨੀਅਰ ਸੀ ਨਿਕੋ ਸੇਮੋ, ਜਿਸ ਨੂੰ ਸ਼ੱਕੀ ਹਮਲਾਵਰ ਮੰਨਿਆ ਜਾ ਰਿਹਾ ਹੈ, ਮੌਕੇ ’ਤੇ ਮਾਰਿਆ ਗਿਆ। ਇੱਕ 15 ਸਾਲਾ ਨਾਬਾਲਗ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਘੱਟੋ-ਘੱਟ ਇੱਕ ਹੋਰ ਸ਼ੱਕੀ ਦੀ ਭਾਲ ਜਾਰੀ ਹੈ।
ਗੋਲੀਬਾਰੀ ਵਿੱਚ 44 ਸਾਲਾ ਕਾਰਲੋਸ ਇਸਰਾਏਲ ਸਾਂਚੇਜ਼ ਵਿਲਾਲਬਾ ਅਤੇ 56 ਸਾਲਾ ਐਸ਼ਲੀ ਵਾਈਟਹੈੱਡ ਦੀ ਵੀ ਮੌਤ ਹੋ ਗਈ। ਕਿੰਗ ਕਾਊਂਟੀ ਮੈਡੀਕਲ ਐਗਜ਼ਾਮਿਨਰ ਦਫ਼ਤਰ ਅਨੁਸਾਰ, ਵਿਲਾਲਬਾ ਦੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਮੌਤ ਹੋਈ, ਜਦਕਿ ਵਾਈਟਹੈੱਡ ਦੀ ਪੇਡੂ ਵਿੱਚ ਗੋਲੀ ਲੱਗੀ ਸੀ ਅਤੇ ਉਹ ਹਸਪਤਾਲ ਵਿੱਚ ਆਪ੍ਰੇਸ਼ਨ ਦੌਰਾਨ ਦਮ ਤੋੜ ਗਈ। ਸੇਮੋ ਦੀ ਮੌਤ ਕਈ ਗੋਲੀਆਂ ਲੱਗਣ ਕਾਰਨ ਹੋਈ।
ਮ੍ਰਿਤਕ ਕਾਰਲੋਸ ਵਿਲਾਲਬਾ ਤਿੰਨ ਬੱਚਿਆਂ ਦਾ ਪਿਤਾ ਸੀ। ਪਰਿਵਾਰ ਅਤੇ ਦੋਸਤਾਂ ਅਨੁਸਾਰ ਉਹ ਮਦਦਗਾਰ ਅਤੇ ਮਿਲਣਸਾਰ ਸੁਭਾਅ ਵਾਲਾ ਵਿਅਕਤੀ ਸੀ। ਐਸ਼ਲੀ ਵਾਈਟਹੈੱਡ ਇੱਕ ਸਾਲ ਪਹਿਲਾਂ ਹੀ ਅਲਾਬਾਮਾ ਤੋਂ ਵਾਸ਼ਿੰਗਟਨ ਆਈ ਸੀ ਅਤੇ ਘਟਨਾ ਵੇਲੇ ਆਪਣੀ ਧੀ ਨਾਲ ਮੇਲੇ ਦਾ ਆਨੰਦ ਮਾਣ ਰਹੀ ਸੀ।
ਗੋਲੀਬਾਰੀ ਵਿੱਚ ਚਾਰ ਹੋਰ ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚ ਦੋ ਸਾਲ ਦਾ ਇੱਕ ਬੱਚਾ, 23 ਅਤੇ 27 ਸਾਲ ਦੇ ਦੋ ਨੌਜਵਾਨ ਅਤੇ 39 ਸਾਲਾ ਇੱਕ ਮਹਿਲਾ ਸ਼ਾਮਲ ਹਨ। ਹਸਪਤਾਲ ਵਿੱਚ ਇਲਾਜ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਘਟਨਾ ਐਤਵਾਰ ਸ਼ਾਮ ਕਰੀਬ 6 ਵਜੇ ਉਸ ਸਮੇਂ ਵਾਪਰੀ ਜਦੋਂ ਮੇਲੇ ਵਿੱਚ ਹਜ਼ਾਰਾਂ ਲੋਕ ਮੌਜੂਦ ਸਨ। ਗੋਲੀਬਾਰੀ ਸ਼ੁਰੂ ਹੁੰਦੇ ਹੀ ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗ ਪਏ। ਕਈ ਲੋਕ ਨੇੜਲੀਆਂ ਇਮਾਰਤਾਂ ਵਿੱਚ ਜਾ ਲੁਕੇ, ਜਦਕਿ ਇੱਕ ਨੇੜਲੇ ਅਪਾਰਟਮੈਂਟ ਦੇ ਵਸਨੀਕ ਨੇ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਕੇ ਔਰਤਾਂ ਅਤੇ ਬੱਚਿਆਂ ਸਮੇਤ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂ ਦਿੱਤੀ।
ਪੁਲਿਸ ਨੇ ਦੱਸਿਆ ਕਿ ਮੌਕੇ ’ਤੇ ਤਾਇਨਾਤ ਅਧਿਕਾਰੀਆਂ ਨੇ ਕੁਝ ਹੀ ਸਕਿੰਟਾਂ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਹਥਿਆਰ ਅਤੇ ਗੋਲੀਆਂ ਦੇ ਖੋਲ੍ਹ ਬਰਾਮਦ ਕੀਤੇ ਗਏ ਹਨ ਅਤੇ ਫ਼ੋਰੈਂਸਿਕ ਜਾਂਚ ਜਾਰੀ ਹੈ।
ਸੋਮਵਾਰ ਸ਼ਾਮ ਸਿਆਟਲ ਸੈਂਟਰ ਵਿਖੇ ਮ੍ਰਿਤਕਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿੱਚ ਦਰਜਨਾਂ ਲੋਕਾਂ ਨੇ ਮੋਮਬੱਤੀਆਂ ਜਗਾ ਕੇ ਅਤੇ ਮੋਬਾਈਲ ਫ਼ੋਨਾਂ ਦੀਆਂ ਲਾਈਟਾਂ ਜਗਾ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
‘ਬਾਈਟ ਆਫ਼ ਸਿਆਟਲ’ ਮੇਲਾ 1982 ਤੋਂ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਇਸ ਵਿੱਚ ਲਗਭਗ 3.5 ਲੱਖ ਲੋਕ ਸ਼ਾਮਲ ਹੁੰਦੇ ਹਨ। ਇਸ ਸਾਲ ਦੀ ਇਹ ਦੁਖਦਾਈ ਘਟਨਾ ਸਮਾਗਮ ਦੇ ਇਤਿਹਾਸ ਦੀਆਂ ਸਭ ਤੋਂ ਗੰਭੀਰ ਘਟਨਾਵਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।
Seattle s Bite Of Seattle Festival Shooting